ਪ੍ਰਿਅੰਕਾ ਗਾਂਧੀ ਭਰੇਗੀ ਪੰਜਾਬ ਕਾਂਗਰਸ ‘ਚ ਪਈ ਸਿਆਸੀ ਤਰੇੜ, ਫੋਨ ‘ਤੇ ਸੀਐਮ ਕੈਪਟਨ ਨਾਲ ਕੀਤੀ ਗੱਲ

ਪ੍ਰਿਅੰਕਾ ਗਾਂਧੀ ਭਰੇਗੀ ਪੰਜਾਬ ਕਾਂਗਰਸ ‘ਚ ਪਈ ਸਿਆਸੀ ਤਰੇੜ, ਫੋਨ ‘ਤੇ ਸੀਐਮ ਕੈਪਟਨ ਨਾਲ ਕੀਤੀ ਗੱਲ

ਚੰਡੀਗੜ੍ਹ (ਵੀਓਪੀ ਬਿਊਰੋ) –  ਇੰਡੀਅਨ ਨੈਸ਼ਨਲ ਦਾ ਸਿਆਸੀ ਪਿੜ ਇਸ ਵੇਲੇ ਹਰ ਗੇਮ ਤੋਂ ਬਾਹਰ ਹੈ। ਪੰਜਾਬ ਕਾਂਗਰਸ ਵਿਚ ਤਾਂ ਘਮਸਾਣ ਵਧਦਾ ਹੀ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਬਿਆਨ ਆਉਂਦਾ ਹੀ ਰਹਿੰਦਾ ਹੈ ਉਹ ਚਾਹੇ ਮੰਤਰੀਆਂ ਦਾ ਹੋਵੇ ਜਾਂ ਮੁੱਖ ਮੰਤਰੀ ਦਾ। ਪੰਜਾਬ ਕਾਂਗਰਸ ਦੀ ਫੁੱਟ ਨੂੰ ਲੈ ਕੇ ਹੁਣ ਹਾਈਕਮਾਨ ਪਰੇਸ਼ਾਨ ਹੈ। ਪ੍ਰਿਅੰਕਾ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ ਤੇ ਹਰੀਸ਼ ਰਾਵਤ ਨੇ ਵੀ ਪੰਜਾਬ ਕਾਂਗਰਸ ਦੇ ਕਈ ਆਗੂਆਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਹੈ।

ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਕੈਪਟਨ ਨਾਲ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਰੁੱਧ ਵਿਜੀਲੈਂਸ ਜਾਂਚ, MLA ਪ੍ਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਦਫ਼ਤਰ ਤੋਂ ਧਮਕੀ ਭਰਿਆ ਫ਼ੋਨ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਮਹਿਲਾ ਆਈਏਐਸ ਅਧਿਕਾਰੀ ਨਾਲ ਜਿਨਸੀ ਛੇੜਖਾਨੀ ਦਾ ਮਾਮਲਾ ਦੁਬਾਰਾ ਖੋਲ੍ਹਣ ਬਾਰੇ ਚਰਚਾ ਕੀਤੀ। ਹਰੀਸ਼ ਰਾਵਤ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਕਈ ਆਗੂਆਂ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਉਨ੍ਹਾਂ ਸਾਰੇ ਪਾਰਟੀ ਆਗੂਆਂ ਨੂੰ ਇਹੋ ਸਲਾਹ ਦਿੱਤੀ ਸੀ ਕਿ ਉਹ ਮੁੱਖ ਮੰਤਰੀ ਤੇ ਸੂਬਾ ਸਰਕਾਰ ਵਿਰੁੱਧ ਮੀਡੀਆ ਕੋਲ ਜਾਂ ਜਨਤਾ ਸਾਹਵੇਂ ਕੋਈ ਟਿੱਪਣੀ ਨਾ ਕਰਨ। ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਵੀ ਇਹੋ ਸਲਾਹ ਦਿੱਤੀ ਸੀ।

ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਮਹਿਲਾ ਕਮਿਸ਼ਨ ਵਿਰੁੱਧ ਇੱਕ ਪ੍ਰੈੱਸ ਕਾਨਫ਼ਰੰਸ ਸੱਦ ਲਈ ਸੀ। ਮਹਿਲਾ ਅਧਿਕਾਰੀ ਨਾਲ ਕਥਿਤ ਜਿਨਸੀ ਛੇੜਖਾਨੀ ਦਾ ਮਾਮਲਾ ਅਕਤੂਬਰ 2018 ਦਾ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਇੱਕ ਮਹਿਲਾ ਆਈਏਐਸ ਅਧਿਕਾਰੀ ਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਉੱਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਨੂੰ ਗ਼ੈਰ ਵਾਜਬ ਟੈਕਸਟ ਸੁਨੇਹੇ ਭੇਜਦੇ ਰਹੇ ਹਨ।

ਹਰੀਸ਼ ਰਾਵਤ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਆਖਿਆ ਸੀ ਕਿ ਉਹ ਚਰਨਜੀਤ ਸਿੰਘ ਚੰਨੀ ਉੱਤੇ ਦਬਾਅ ਪਾ ਕੇ ਮਹਿਲਾ ਕਮਿਸ਼ਨ ਵਿਰੁੱਧ ਉਨ੍ਹਾਂ ਦੀ ਪ੍ਰੈੱਸ ਕਾਨਫ਼ਰੰਸ ਮੁਲਤਵੀ ਕਰਵਾਉਣ ਤੇ ਉਨ੍ਹਾਂ ਨੂੰ ਸੂਬਾ ਸਰਕਾਰ ਵਿਰੁੱਧ ਕੋਈ ਟਿੱਪਣੀ ਕਰਨ ਲਈ ਨਾ ਆਖਣ।

ਹਰੀਸ਼ ਰਾਵਤ ਨੇ ਕੱਲ੍ਹ ਬੁੱਧਵਾਰ ਨੂੰ ਕਥਿਤ ‘ਬਾਗ਼ੀ’ ਵਿਧਾਇਕਾਂ ਦੇ ਸਮੂਹਾਂ ਨਾਲ ਵਰਚੁਅਲ ਬੈਠਕਾਂ ਕਰਨੀਆਂ ਸਨ ਪਰ ਫਿਰ ਕੁਝ MLAs ਨੇ ਸੁਝਾਅ ਦਿੱਤਾ ਸੀ ਕਿ ਆੱਨਲਾਈਨ ਗੱਲਬਾਤ ਹੋਣ ’ਤੇ ਇਹ ਜੱਗ ਜ਼ਾਹਿਰ ਹੋ ਜਾਵੇਗਾ ਕਿ ਕਿਹੜੇ ਵਿਧਾਇਕ ਨੇ ‘ਬਾਗ਼ੀ ਸੁਰ’ ਅਪਣਾਈ ਹੋਈ ਹੈ। ਇਸ ਤੋਂ ਬਾਅਦ ਹੀ ਹਰੀਸ਼ ਰਾਵਤ ਹੁਰਾਂ ਨੇ ਇਹ ਆੱਨਲਾਈਨ ਬੈਠਕਾਂ ਦਾ ਵਿਚਾਰ ਤਿਆਗ ਦਿੱਤਾ ਸੀ। ਪਾਰਟੀ ਆਗੂਆਂ ਨੂੰ ਅੰਦਰਖਾਤੇ ਇਹ ਵੀ ਡਰ ਸੀ ਕਿ ਕਿਤੇ ਉਨ੍ਹਾਂ ਦੀ ਗੱਲਬਾਤ ਰਿਕਾਰਡ ਨਾ ਕਰ ਲਈ ਜਾਵੇ ਤੇ ਬਾਅਦ ’ਚ ਕਿਤੇ ਉਨ੍ਹਾਂ ਰਿਕਾਰਡਿੰਗਜ਼ ਨੂੰ ਉਨ੍ਹਾਂ ਵਿਰੁੱਧ ਵਰਤਿਆ ਨਾ ਜਾਵੇ।

error: Content is protected !!