ਲੋਕਾਂ ਨੂੰ ਹਫ਼ਤੇ ‘ਚ ਪੈਸੇ ਡਬਲ ਕਰਨ ਦਾ ਝਾਂਸਾ ਦੇਣ ਵਾਲੇ ਰੋਪੜ ਪੁਲਿਸ ਨੇ ਦਬੋਚੇ 

ਲੋਕਾਂ ਨੂੰ ਹਫ਼ਤੇ ‘ਚ ਪੈਸੇ ਡਬਲ ਕਰਨ ਦਾ ਝਾਂਸਾ ਦੇਣ ਵਾਲੇ ਰੋਪੜ ਪੁਲਿਸ ਨੇ ਦਬੋਚੇ

ਰੂਪਨਗਰ (ਵੀਓਪੀ ਬਿਊਰੋ) – ਰੂਪਨਗਰ ਪੁਲਿਸ ਨੂੰ ਅੱਜ ਇਕ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੁਲਿਸ ਨੇ ਏਸਪੀਅਨ ਗਲੋਬਲ ਨਾਂ ਦਾ ਆਨਲਾਈਨ ਪੋਰਟਲ ਚਲਾ ਰਹੇ ਬਹੁ – ਕਰੋੜੀ ਪੋਜ਼ੀ ਸਕੀਮ ਨਿਵੇਸ਼ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਇਹ ਵੈਬਸਾਈਟ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ। ਲੋਕਾਂ ਨੂੰ ਹਫ਼ਤੇ ਵਿਚ ਚਾਰ ਗੁਣਾ ਪੈਸੇ ਤੇ ਵਿਦੇਸ਼ ਦੀ ਯਾਤਰਾ ਦੀ ਵੀ ਪੇਸ਼ਕਸ਼ ਕਰਦੀ ਹੈ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇਕਸ਼ਿਤ ਵਾਸੀ ਸਿਰਸਾ, ਹਰਿਆਣਾ, ਅੰਕਿਤ ਵਾਸੀ ਭਿਵਾਨੀ ਹਰਿਆਣਾ, ਰਾਕੇਸ਼ ਕੁਮਾਰ ਵਾਸੀ ਜ਼ੀਰਕਪੁਰ, ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਅਤੇ ਸਚਿਨਪ੍ਰੀਤ ਸਿੰਧੂ ਦੋਵੇਂ ਵਾਸੀ ਮੁਹਾਲੀ, ਐਸ ਏ ਐਸ ਨਗਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ 8.2 ਲੱਖ ਰੁਪਏ ਵੀ ਬਰਾਮਦ ਕੀਤੇ ਹਨ।

 ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਅਜਿਹੇ ਇੱਕ ਨਿਵੇਸ਼ਕ ਦੀ ਸ਼ਿਕਾਇਤ ਤੋਂ ਬਾਅਦ, ਜਿਸਨੇ ਲਗਭਗ 16 ਲੱਖ ਰੁਪਏ ਦਾ ਨਿਵੇਸ਼ ਕਰਨ ਦਾ ਦਾਅਵਾ ਕੀਤਾ ਸੀ ਜਿਸਦੇ ਬਦਲੇ ਵਿੱਚ ਉਸ ਨੂੰ ਕੁਝ ਨਹੀਂ ਮਿਲਿਆ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰੂਪਨਗਰ ਅਖਿਲ ਚੌਧਰੀ ਨੇ ਐਸ.ਪੀ. (ਹੈੱਡਕੁਆਰਟਰ) ਅੰਕੁਰ ਗੁਪਤਾ ਨੂੰ ਤੁਰੰਤ ਐਫਆਈਆਰ ਦਰਜ ਕਰਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤਾ।

ਜਾਂਚ ਦੌਰਾਨ, ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਮੁੰਬਈ ਸਥਿਤ ਬੈਂਕ ਖਾਤਿਆਂ ਦਾ ਪਤਾ ਲਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਵਿੱਚ ਨਕਦੀ ਟਰਾਂਸਫਰ ਕੀਤੀ ਗਈ ਸੀ ਅਤੇ ਇਨ੍ਹਾਂ ਖਾਤਿਆਂ ਦੀਆਂ ਸਟੇਟਮੈਂਟਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਲੋਕਾਂ ਨੇ ਪੂਰੇ ਭਾਰਤ ਵਿੱਚੋਂ ਇਸ ਪਲੇਟਫਾਰਮ ‘ਤੇ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ।

ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਆਨਲਾਈਨ ਸਕੀਮਾਂ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸਕੀਮ ਅਤੇ ਅਜਿਹੀਆਂ ਸਕੀਮਾਂ ਨਾਲ ਜੁੜੇ ਏਜੰਟ ਦੀ ਸਹੀ ਤਸਦੀਕ ਕੀਤੇ ਬਗੈਰ ਨਿਵੇਸ਼ ਨਾ ਕਰਨ।

ਐਸਐਸਪੀ ਰੂਪਨਗਰ ਅਖਿਲ ਚੌਧਰੀ ਨੇ ਕਿ ਕੰਪਨੀ ਕਿਵੇਂ ਨਿਵੇਸ਼ਕਾਂ ਨੂੰ ਲੁਭਾ ਰਹੀ ਸੀ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ ਤਿੰਨ ਨਿਵੇਸ਼ ਸਲੋਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਸੀ, ਜਿਸ ਵਿਚ 4.82 ਲੱਖ ਰੁਪਏ, 7 ਲੱਖ ਰੁਪਏ ਅਤੇ 19.40 ਲੱਖ ਰੁਪਏ ਸ਼ਾਮਲ ਹਨ ਅਤੇ ਜਦੋਂ ਕੋਈ ਵੀ ਇਕ ਸਲੋਟ ਵਿਚ ਨਿਵੇਸ਼ ਕਰਦਾ ਹੈ, ਉਸ ਲਈ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਖਰੀਦ (ਈਪੀਟੀ) ) ਤਿਆਰ ਕੀਤੀ ਜਾਂਦੀ ਸੀ ਅਤੇ ਇਹ ਭਾਰਤੀ ਕਰੰਸੀ ਨੂੰ ਈਪੀਟੀਜ਼ ਅਤੇ ਡਾਲਰਾਂ ਵਿਚ ਤਬਦੀਲ ਕਰ ਦਿੰਦੀ ਸੀ, ਜਿਸ ਦੇ ਅਧਾਰ ‘ਤੇ ਹਫ਼ਤਾਵਾਰੀ ਵਾਪਸੀ ਦਾ ਵਾਅਦਾ ਕੀਤਾ ਜਾਂਦਾ ਹੈ। ਇਕ ਈਪੀਟੀ ਇਕ ਡਾਲਰ ਦੇ ਬਰਾਬਰ ਹੈ।

ਐਸਐਸਪੀ ਚੌਧਰੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਕੰਪਨੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇਣ ਲਈ, ਧੋਖਾਧੜੀ ਕਰਨ ਵਾਲੀ ਇਸ ਕੰਪਨੀ ਵੱਲੋਂ ਵਿਸ਼ੇਸ਼ ਸੈਮੀਨਾਰ ਵੀ ਕਰਵਾਏ ਜਾਂਦੇ ਸਨ। ਐਸਐਸਪੀ ਚੌਧਰੀ ਨੇ ਕਿਹਾ ਕਿ ਇਹ ਇੱਕ ਲੜੀਵਾਰ ਪ੍ਰਣਾਲੀ ਹੈ ਜਿਸ ਵਿੱਚ 13 ਰੈਂਕ ਹਨ ਅਤੇ ਜਦੋਂ ਕੋਈ ਵਿਅਕਤੀ ਅਜਿਹੀਆਂ ਯੋਜਨਾਵਾਂ ਵਿੱਚ ਵਧੇਰੇ ਗ੍ਰਾਹਕਾਂ ਨੂੰ ਲਗਾਉਂਦਾ ਹੈ, ਤਾਂ ਸਿਸਟਮ ਵਿੱਚ ਉਸਦੇ ਰੈਂਕ ਵਿੱਚ ਸੁਧਾਰ ਹੋ ਜਾਂਦਾ ਹੈ।

 

error: Content is protected !!