ਸਿੱਧੂ ਪਾਉਣਗੇ ਨਵਾਂ ਪਟਕਾ, ਕਾਂਗਰਸੀਆਂ ਨੂੰ ਦਿੱਲੀ ਜਾਣ ਦੀ ਸਲਾਹ

ਸਿੱਧੂ ਪਾਉਣਗੇ ਨਵਾਂ ਪਟਕਾ, ਕਾਂਗਰਸੀਆਂ ਨੂੰ ਦਿੱਲੀ ਜਾਣ ਦੀ ਸਲਾਹ

ਚੰਡੀਗੜ੍ਹ(ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਉੱਠਿਆ ਸਿਆਸੀ ਧੂਆਂ ਹੋਰ ਗੂੜਾ ਹੋ ਰਿਹਾ ਹੈ। ਹੁਣ ਨਵਜੋਤ ਸਿੰਘ ਸਿੱਧੂ ਨੇ ਇਕ ਹੋਰ ਨਵੀਂ ਚੰਢੂੀ ਵੱਢ ਦਿੱਤੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਜਿੱਥੇ ਖ਼ੁਦ ਨੂੰ ਇਸ ਸਭ ਤੋਂ ਦੂਰ ਕਰ ਲਿਆ ਹੈ ਉੱਥੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਇਕ ਵਾਰ ਫਿਰ ਟਵੀਟ ਕਰ ਕੇ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚ ਚੱਲ ਰਹੀ ਲੜਾਈ ਬਾਰੇ ਦਿੱਲੀ ਹਾਈਕਮਾਨ ਨੂੰ ਜਾਣਕਾਰੀ ਦੇਣ ਦੀ ਸਲਾਹ ਦਿੱਤੀ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੋਰੋਨਾ ਮਹਾਂਮਾਰੀ ਦੌਰਾਨ ਮੌਕਾਪ੍ਰਸਤੀ ਦੀ ਰਾਜਨੀਤੀ ਕਰਨ ਵਾਲੇ ਆਗੂਆਂ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਜਾਖੜ ਨੇ ਵੀਰਵਾਰ ਨੂੰ ਪਾਰਟੀ ਦੇ ਸੰਗਠਨ ਇੰਚਾਰਜ ਕੇਸੀ ਵੇਣੂਗੋਪਾਲ ਨਾਲ ਗੱਲਬਾਤ ਕਰ ਕੇ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਵਿਚ ਚੱਲ ਰਹੀ ਖਿੱਚੋਤਾਣ ਤੇ ਪਾਰਟੀ ਆਗੂਆਂ ਦੀ ਭੂਮਿਕਾ ਬਾਰੇ ਦੱਸਿਆ। ਜਾਖੜ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ 45 ਦਿਨਾਂ ਦਾ ਨੋਟਿਸ ਦੇਣ ਤੇ ਵਾਰ-ਵਾਰ ਭੜਕਾਊ ਬਿਆਨ ਦੇਣ ਬਾਰੇ ਜਾਣਕਾਰੀ ਦਿੱਤੀ। ਜਾਖੜ ਮੁਤਾਬਕ ਪੰਜਾਬ ਕਾਂਗਰਸ ਦੇ ਆਗੂਆਂ ਵਿਚ ਚੱਲ ਰਹੀ ਲੜਾਈ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸ ਸਰਕਾਰ ਦਾ ਅੰਦਰੂਨੀ ਮਾਮਲਾ ਹੈ ਪਰ ਬਾਜਵਾ ਵਲੋਂ ਕੋਰੋਨਾ ਮਹਾਮਾਰੀ ਮੌਕੇ ਮੌਕਾਪ੍ਰਸਤੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ।

ਸਾਲ 2020 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਝੇ ਵਿਚ 134 ਵਿਅਕਤੀਆਂ ਦੀ ਮੌਤ ਹੋਣ ’ਤੇ ਪ੍ਰਤਾਪ ਸਿੰਘ ਬਾਜਵਾ ਤੇ ਸਮਸ਼ੇਰ ਸਿੰਘ ਦੂਲੋਂ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤਾਂ ਉਦੋਂ ਵੀ ਸੁਨੀਲ ਜਾਖੜ ਨੇ ਇਨ੍ਹਾਂ ਆਗੂਆਂ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ। ਸੁਨੀਲ ਜਾਖੜ ਨੇ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਚਿੰਤਾ ਜ਼ਰੂਰ ਵਧੀ ਹੈ ਪਰ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਇਸ ਮੁੱਦੇ ’ਤੇ ਪੂਰੀ ਗੰਭੀਰ ਹੈ ਤੇ ਲੋਕਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਕੁੱਝ ਵਿਅਕਤੀ ਅਜਿਹਾ ਵਿਵਹਾਰ ਕਰ ਰਹੇ ਹਨ, ਜਿਸਨੂੰ ਕਿਸੀ ਵੀ ਤਰੀਕੇ ਨਾਲ ਜਾਇਜ਼ ਨਹੀਂ ਕਿਹਾ ਜਾ ਸਕਦਾ। ਭਾਵੇਂ ਜਾਖੜ ਨੇ ਆਪਣੇ ਬਿਆਨ ਵਿਚ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਸਿੱਧਾ ਨਿਸ਼ਾਨਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ’ਤੇ ਹੈ।

ਦੂਜੇ ਪਾਸੇ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਆਪ ਨੂੰ ਪੰਜਾਬ ਕਾਂਗਰਸ ਦੇ ਇਸ ਕਾਟੋ ਕਲੇਸ਼ ਤੋਂ ਵੱਖ ਕਰ ਲਿਆ ਹੈ। ਰਾਵਤ ਨੇ ਕਾਂਗਰਸੀਆਂ ’ਚ ਪੈਦਾ ਹੋਈ ਕੁੜੱਤਣ, ਵਿਰੋਧ ਤੋਂ ਦੂਰ ਰਹਿਣ ਦਾ ਕਾਰਨ ਬਿਮਾਰ ਹੋਣਾ ਦੱਸਿਆ ਹੈ। ਰਾਵਤ ਮੁਤਾਬਕ ਕੋਵਿਡ ਵਿਚੋਂ ਉਭਰਨ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੈ, ਜਿਸ ਕਾਰਨ ਬੋਲਣ ਵਿਚ ਦਿੱਕਤ ਆ ਰਹੀ ਹੈ। ਜ਼ਿਕਰਯੋਗ ਹੈ ਕਿ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚ ਨੇੜਤਾ ਲਿਆਉਣ ਦੇ ਬਹੁਤ ਯਤਨ ਕੀਤੇ ਪਰ ਦੋਵਾਂ ਆਗੂਆਂ ਦੀ ਕੁੜੱਤਣ ਘੱਟ ਨਹੀਂ ਰਹੀ। ਸੂਤਰਾਂ ਮੁਤਾਬਕ ਵੱਡੇ ਆਗੂਆਂ ਵਿਚਾਲੇ ਪੈਦਾ ਹੋਏ ਮਤਭੇਦਾਂ ਕਾਰਨ ਹੀ ਹਰੀਸ਼ ਰਾਵਤ ਨੇ ਖ਼ੁਦ ਨੂੰ ਇਸ ਸਭ ਤੋਂ ਵੱਖ ਕਰ ਲਿਆ ਹੈ।

error: Content is protected !!