26 ਮਈ ਨੂੰ ਮੋਦੀ ਦੇ ਪੁਤਲੇ ਫੂਕਣ ਅਤੇ ਕਾਲੇ ਝੰਡੇ ਲਹਿਰਾਉਣ ਦਾ ਕੀਤਾ ਗਿਆ ਐਲਾਨ 

26 ਮਈ ਨੂੰ ਮੋਦੀ ਦੇ ਪੁਤਲੇ ਫੂਕਣ ਅਤੇ ਕਾਲੇ ਝੰਡੇ ਲਹਿਰਾਉਣ ਦਾ ਕੀਤਾ ਗਿਆ ਐਲਾਨ

ਜਲੰਧਰ (ਰਾਜੂ ਗੁਪਤਾ) -‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਸੀ.ਪੀ.ਆਈ.,ਆਰ.ਐੱਮ.ਪੀ.ਆਈ.,ਸੀ.ਪੀ.ਆਈ.(ਐੱਮ.-ਐੱਲ.) ਨਿਊ ਡੈਮੋਕਰੇਸੀ,ਸੀ.ਪੀ.ਆਈ.(ਐੱਮ.-ਐੱਲ.) ਲਿਬਰੇਸ਼ਨ, ਇਨਕਲਾਬੀ ਕੇਂਦਰ ਪੰਜਾਬ, ਐੱਮ.ਸੀ.ਪੀ.ਆਈ.(ਯੂ) ਵੱਲੋਂ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਇੱਕ ਪ੍ਰਭਾਵਸ਼ਾਲੀ ਸੂਬਾਈ ਕਨਵੈਨਸ਼ਨ ਸੱਦੀ ਗਈ। ਕਨਵੈਨਸ਼ਨ ਦੀ ਸਮਾਪਤੀ ਉਪਰੰਤ ਬੀ.ਐੱਮ.ਸੀ.ਚੌਂਕ ਤੱਕ ਮੁਜ਼ਾਹਰਾ ਕੀਤਾ ਗਿਆ।

     ਇਸ ਮੌਕੇ ਹਾਜ਼ਰ ਪ੍ਰਤੀਨਿਧਾਂ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਦਿੱਲੀ ਦੀਆਂ ਜੂਹਾਂ ਉੱਤੇ ਜਾਰੀ, ਜਨ- ਅੰਦੋਲਨ ਬਣ ਚੁੱਕੇ ਦੇਸ਼ ਵਿਆਪੀ ਕਿਸਾਨ ਘੋਲ ਦੀ ਕਾਮਯਾਬੀ ਲਈ ਲੋਕ ਲਾਮਬੰਦੀ ਤੇਜ਼ ਕਰਨ ਦਾ ਨਿਰਣਾ ਲਿਆ ਗਿਆ। ਕਨਵੈਨਸ਼ਨ ਵਲੋਂ ਮੰਗ ਕੀਤੀ ਗਈ ਕਿ ਖੇਤੀ ਨਾਲ ਸਬੰਧਤ ਤਿੰਨ ਕਾਲੇ ਖੇਤੀ ਕਾਨੂੰਨ, ਕਿਰਤ ਕਨੂੰਨਾਂ ਦਾ ਖ਼ਾਤਮਾ ਕਰਦੇ ਕਿਰਤ ਕੋਡ ਤੇ ਬਿਜਲੀ ਸੋਧ ਬਿੱਲ- 2020 ਰੱਦ ਕੀਤੇ ਜਾਣ ਅਤੇ ਘੱਟੋ- ਘੱਟ ਸਮੱਰਥਨ ਮੁੱਲ ਉੱਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਾਰੰਟੀ ਕੀਤੀ ਜਾਵੇ। ਕਨਵੈਨਸ਼ਨ ਵਲੋਂ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਅਤੇ ਸੰਘ- ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਫਿਰਕੂ-ਫੁੱਟਪਾਊ ਸਾਜ਼ਿਸ਼ਾਂ ਅਤੇ ਜਾਬਰ ਹਥਕੰਡਿਆਂ ਦਾ ਬੁਥਾੜ ਭੰਨਣ ਲਈ ਢੁੱਕਵੀਂ ਰਣਨੀਤੀ ਤਹਿਤ ਜਨਤਕ ਲਾਮਬੰਦੀ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ।

      ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਤਹਿਤ 26 ਮਈ ਨੂੰ ਹਰ ਪਿੰਡ/ ਮੁਹੱਲੇ ਵਿੱਚ ਘਰਾਂ /ਵਾਹਨਾਂ ਤੇ ਕਾਲੇ ਝੰਡੇ ਬੰਨ ਕੇ ਮੋਦੀ ਦੇ ਪੁਤਲੇ ਫੂਕਣ ਦਾ ਫੈਸਲਾ ਵੀ ਕੀਤਾ ਗਿਆ।

      ਇਸ ਮੌਕੇ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਪੱਖੋਂ ਮੋਦੀ ਅਤੇ ਸੂਬਾ ਸਰਕਾਰਾਂ ਦੀ ਮੁਜ਼ਰਮਾਨਾ ਪਹੁੰਚ ਸਦਕਾ ਲੋਕਾਂ ਨੂੰ ਕੋਈ ਰਾਹਤ ਤਾਂ ਕੀ ਮਿਲਣੀ ਸੀ, ਉਲਟਾ ਉਨ੍ਹਾਂ ਦੀਆਂ ਦੁਸ਼ਵਾਰੀਆਂ ਅਤੇ ਖੱਜਲ ਖੁਆਰੀ ‘ਚ ਅੰਤਾਂ ਦਾ ਵਾਧਾ ਹੋ ਰਿਹਾ ਹੈ। ਲੋਕ ਦਵਾਈਆਂ, ਆਕਸੀਜਨ, ਵੈਂਟੀਲੇਟਰ ਆਦਿ ਦੀ ਅਣਹੋਂਦ ‘ਚ ਮੌਤ ਦੇ ਮੂੰਹ ਜਾ ਰਹੇ ਹਨ। ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਕਦਮ ਪੁੱਟਣ ਦੀ ਥਾਂ ਅੰਧ ਵਿਸਵਾਸ਼ੀ ਟੋਟਕੇ ਛੱਡੇ ਜਾ ਰਹੇ ਹਨ। ਬਜਟ ਵਿੱਚ ਰੱਖੀਆਂ ਰਕਮਾਂ ਅਤੇ ਪੀ.ਐਮ.ਕੇਅਰਜ਼ ਰਾਹੀਂ ਇਕੱਤਰ ਕੀਤਾ ਬੇਸ਼ੁਮਾਰ ਧਨ ਖ਼ਰਚੇ ਜਾਣ ਦਾ ਝਲਕਾਰਾ ਮਾਤਰ ਵੀ ਨਹੀਂ ਮਿਲਦਾ। ਸੰਸਾਰ ਭਰ ਵਿਚ ਭਾਰਤ ਦੀ ਖਿੱਲੀ ਉੱਡ ਰਹੀ ਹੈ। ਪਾਸ ਕੀਤੇ ਮਤੇ ਰਾਹੀਂ ਸਰਕਾਰਾਂ ਦੀ ਇਸ ਪਹੁੰਚ ਖ਼ਿਲਾਫ਼ ਲੋਕਾਂ ਨੂੰ ਜ਼ੋਰਦਾਰ ਸੰਘਰਸ਼ਾਂ ਦਾ ਸੱਦਾ ਦਿੱਤਾ  ਗਿਆ।

 

     ਹਕੂਮਤੀ ਥਾਪੜੇ ਨਾਲ ਨਿੱਤ ਵੱਧਦੀ ਮਹਿੰਗਾਈ ਅਤੇ ਕਾਲਾ ਬਾਜ਼ਾਰੀ ਫੌਰੀ ਰੋਕੇ ਜਾਣ ਦੀ ਮੰਗ ਕੀਤੀ ਗਈ।

    ਇਕ ਵੱਖਰੇ ਮਤੇ ਰਾਹੀ ਇਜ਼ਰਾਈਲੀ ਫੌਜਾਂ ਵੱਲੋਂ ਸਾਮਰਾਜੀ ਦੇਸ਼ਾਂ ਦੀ ਹਮਾਇਤ ਨਾਲ ਕੀਤੇ ਜਾ ਰਹੇ ਨਿਰਦੋਸ਼ ਫਲਸਤੀਨੀ ਨਾਗਰਿਕਾਂ ਦੇ ਕਤਲੇਆਮ ਖ਼ਿਲਾਫ਼ ਰੋਹਿਲੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।

    ਕਨਵੈਨਸ਼ਨ ਦੀ ਪ੍ਰਧਾਨਗੀ ਸੀ.ਪੀ.ਆਈ. ਦੇ ਆਗੂ ਸਾਥੀ ਪ੍ਰਿਥੀਪਾਲ ਸਿੰਘ ਮਾੜੀਮੇਘਾ,ਆਰਐਮਪੀਆਈ ਦੇ ਰਤਨ ਸਿੰਘ ਰੰਧਾਵਾ,ਸੀ.ਪੀ.ਆਈ. (ਐੱਮ.ਐੱਲ) ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ ਸਮਰਾ,ਸੀ.ਪੀ.ਆਈ.(ਐੱਮ. ਐੱਲ.(ਲਿਬਰੇਸ਼ਨ) ਦੇ ਰਾਜਵਿੰਦਰ ਸਿੰਘ ਰਾਣਾ,ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ ਅਤੇ ਐਮਸੀਪੀਆਈ(ਯੂ)ਦੇ ਨਰੰਜਣ ਸਿੰਘ ਸਫੀਪੁਰ ਨੇ ਕੀਤੀ।

    ਇਸ ਮੌਕੇ ਸਰਵ ਸਾਥੀ  ਬੰਤ ਬਰਾੜ, ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ, ਦਰਸ਼ਨ ਖਟਕੜ, ਗੁਰਮੀਤ ਸਿੰਘ ਬਖਤਪੁਰ, ਕੰਵਲਜੀਤ ਖੰਨਾ ਅਤੇ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ।

     ਪ੍ਰਸਿੱਧ ਕਾਲਮਨਵੀਸ ਮੋਹਣ ਸਿੰਘ (ਡਾ) ਦੀ “ਪਿਛਲੇ ਦੋ ਦਹਾਕਿਆਂ ਦੇ ਅਹਿਮ ਕੌਮੀ, ਕੌਮਾਂਤਰੀ ਤੇ ਖੇਤਰੀ ਮਸਲਿਆਂ ਦਾ ਲੇਖਾ ਜੋਖਾ” ਨਾਂ ਦੀ 511 ਪੰਨਿਆਂ ਦੀ ਖੋਜ ਪੁਸਤਕ ਪ੍ਰਧਾਨਗੀ ਮੰਡਲ ਵੱਲੋਂ ਮੰਚ ਤੋਂ ਤਾੜੀਆਂ ਦੀ ਗੂੰਜ ‘ਚ ਰਿਲੀਜ਼ ਕੀਤੀ ਗਈ।

Leave a Reply

Your email address will not be published. Required fields are marked *

error: Content is protected !!