ਕੋਰੋਨਾ ਦੇ ਨਾਲ-ਨਾਲ ਹੁਣ ਬਲੈਕ ਫੰਗਸ ਨਾਲ ਪੰਜਾਬ ‘ਚ 10 ਲੋਕਾਂ ਦੀ ਮੌਤ

ਕੋਰੋਨਾ ਦੇ ਨਾਲ-ਨਾਲ ਹੁਣ ਬਲੈਕ ਫੰਗਸ ਨਾਲ ਪੰਜਾਬ ‘ਚ 10 ਲੋਕਾਂ ਦੀ ਮੌਤ

ਚੰਡੀਗੜ੍ਹ(ਵੀਓਪੀ ਬਿਊਰੋ) – ਸੂਬੇ ਵਿਚ ਕੋਰੋਨਾ ਦੇ  ਨਾਲ-ਨਾਲ ਹੁਣ ਬਲੈਕ ਫੰਗਸ ਨੇ ਆਪਣਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਇਸ ਬਿਮਾਰੀ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਬਲੈਕ ਫੰਗਸ ਨਾਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਚਾਰ ਮਾਮਲੇ ਪੁਰਾਣੇ ਹਨ। ਜਦਕਿ ਇੱਕ ਮੌਤ ਐਤਵਾਰ ਨੂੰ ਹੋਈ ਹੈ। ਜਲੰਧਰ ਵਿੱਚ ਬਲੈਕ ਫੰਗਸ ਦੇ 4 ਤੇ ਬਠਿੰਡਾ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ 11 ਵਿੱਚੋਂ 9 ਸ਼ੁਗਰ ਦੇ ਮਰੀਜ਼ਾਂ ਵਿੱਚ ਵ੍ਹਾਈਟ ਫੰਗਸ ਦੇ ਲੱਛਣ ਮਿਲੇ ਹਨ। ਬਠਿੰਡਾ ਦੇ ਮਾਮਲਿਆਂ ਵਿੱਚ 3 ਮਹਿਲਾਵਾਂ ਤੇ 2 ਪੁਰਸ਼ ਮਰੀਜ਼ ਸ਼ਾਮਲ ਹਨ। ਭੁਚੋ ਮੰਡੀ ਸਥਿਤ ਆਦੇਸ਼ ਹਸਪਤਾਲ ਵਿੱਚ 5 ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ, ਜਦਕਿ ਇੱਕ ਮਰੀਜ਼ ਵਾਪਸ ਘਰ ਚਲਾ ਗਿਆ। ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਮਾਹਿਰਾਂ ਮੁਤਾਬਕ ਇਹ ਇਕ ਅਜਿਹੀ ਇਨਫੈਕਸ਼ਨ ਹੈ ਜੋ ਕੋਰੋਨਾ ਤੋਂ ਪਹਿਲਾਂ ਵੀ ਮੌਜੂਦ ਸੀ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਬਲੈਕ ਫੰਗਸ ਸ਼ੂਗਰ ਦੇ ਮਰੀਜ਼ਾਂ ਲਈ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੇਕਾਬੂ ਸ਼ੂਗਰ ਤੇ ਕੁਝ ਹੋਰ ਬਿਮਾਰੀਆਂ ਦੇ ਸੁਮੇਲ ਤੋਂ ਬਾਅਦ ਬਲੈਕ ਫੰਗਸ ਹੋਣ ਦਾ ਖਤਰਾ ਰਹਿੰਦਾ ਹੈ। ਏਮਜ਼ ਦੇ ਡਾਕਟਰਾਂ ਮੁਤਾਬਕ ਸ਼ੂਗਰ, ਕੋਲਡ ਆਕਸੀਜਨ, ਬਿਨਾਂ ਧੋਤੇ ਮਾਸਕ ਪਹਿਣਨਾ ਆਦਿ ਬਲੈਕ ਫੰਗਸ ਦੇ ਕੇਸਾਂ ‘ਚ ਵਾਧੇ ਦੇ ਕਾਰਨ ਹਨ। ਏਮਜ਼ ਦੇ ਡਾਕਟਰ ਨਿਖਿਲ ਟੰਡਨ ਮੁਤਾਬਕ ਤੰਦਰੁਸਤ ਲੋਕਾਂ ਨੂੰ ਇਸ ਲਾਗ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ। ਸਿਰਫ ਘੱਟ ਇਮਿਊਨਿਟੀ ਵਾਲਿਆਂ ਲਈ ਇਹ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇਮਿਊਨਿਟੀ ਨੂੰ ਪਹਿਲੀ ਲਹਿਰ ਦੇ ਮੁਕਾਬਲੇ ਜ਼ਿਆਦਾ ਢਾਹ ਲਾਈ ਹੋਵੇ। ਇਸ ਤੋਂ ਇਲਾਵਾ ਇਸ ਵੇਵ ‘ਚ ਸਟੀਰੌਇਡਸ ਦੀ ਵਰਤੋਂ ਵੀ ਜ਼ਿਆਦਾ ਹੋਈ ਹੈ। ਪਰ ਫਿਰ ਵੀ ਸੰਪੂਰਨ ਜਾਂਚ ਤੋਂ ਬਿਨਾਂ ਯਕੀਨੀ ਤੌਰ ‘ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

error: Content is protected !!