ਲੰਡਨ ਦੇ ਇਕ ਸਕੂਲ ‘ਚ ਸਿੱਖ ਬੱਚੇ ਦੇ ਕੱਟੇ ਜ਼ਬਰੀ ਕੇਸ, ਸ਼੍ਰੋਮਣੀ ਕਮੇਟੀ ਹੋਈ ਸਖ਼ਤ

ਲੰਡਨ ਦੇ ਇਕ ਸਕੂਲ ‘ਚ ਸਿੱਖ ਬੱਚੇ ਦੇ ਕੱਟੇ ਜ਼ਬਰੀ ਕੇਸ, ਸ਼੍ਰੋਮਣੀ ਕਮੇਟੀ ਹੋਈ ਸਖ਼ਤ

ਅੰਮ੍ਰਿਤਸਰ(ਵੀਓਪੀ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਕੇ ਦੇ ਦੱਖਣੀ ਲੰਡਨ ਵਿਖੇ ਇਕ ਸਕੂਲ ’ਚ ਸਿੱਖ ਵਿਦਿਆਰਥੀ ਦੇ ਜਬਰੀ ਕੇਸ ਕੱਟਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਬ੍ਰਿਟੇਨ ਅੰਦਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਨੂੰ ਇਕ ਸਕੂਲ ’ਚ ਅੰਜ਼ਾਮ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਇਹ ਧੱਕੇਸ਼ਾਹੀ ਧਾਰਮਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਅੰਦਰ ਸਿੱਖਾਂ ਵਿਰੁੱਧ ਨਫ਼ਰਤੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਸ ਸਿੱਖਾਂ ਦੀ ਪਛਾਣ ਦਾ ਅਹਿਮ ਹਿੱਸਾ ਹਨ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਸਮੇਂ ਕੇਸਾਂ ਨੂੰ ਕਕਾਰਾਂ ਵਿਚ ਮਾਨਤਾ ਦਿੱਤੀ ਗਈ।

ਪੂਰੀ ਦੁਨੀਆਂ ਅੰਦਰ ਸਿੱਖ ਸਾਬਤ ਸੂਰਤ ਰਹਿੰਦਿਆਂ ਵਿਚਰਦੇ ਹਨ ਅਤੇ ਸਿੱਖ ਪਛਾਣ ਪ੍ਰਤੀ ਕਿਸੇ ਵੀ ਦੇਸ਼ ਵਿਚ ਅੱਜ ਭੁਲੇਖਾ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਸਿੱਖਾਂ ਨੂੰ ਨਫ਼ਰਤੀ ਨਿਗ੍ਹਾ ਨਾਲ ਵੇਖਿਆ ਜਾਣਾ ਦੁਖਦਾਈ ਹੈ। ਤਾਜ਼ਾ ਘਟਨਾ ਵਿਚ ਯੂਕੇ ਦੇ ਇਕ ਸਕੂਲ ਅੰਦਰ ਸਿੱਖ ਬੱਚੇ ਦੇ ਜਬਰੀ ਕੇਸ ਕੱਟ ਕਰ ਕੇ ਵੱਡਾ ਗੁਨਾਹ ਕੀਤਾ ਹੈ।

ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬੀਬੀ ਜਗੀਰ ਕੌਰ ਨੇ ਯੂਕੇ ਦੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਮਗਰੋਂ ਸਬੰਧਤ ਵਿਰੁੱਧ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕਾਰਵਾਈ ਕਰਨ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਭਾਰਤ ਦੇ ਵਿਦੇਸ਼ ਮੰਤਰੀ ਅਤੇ ਦਿੱਲੀ ਸਥਿਤ ਯੂਕੇ ਦੇ ਹਾਈ ਕਮਿਸ਼ਨਰ ਨੂੰ ਪੱਤਰ ਲਿਖਿਆ ਜਾਵੇਗਾ।

error: Content is protected !!