ਹੁਣ ਤੱਕ ਕਿਸਾਨੀ ਅੰਦੋਲਨ ‘ਚ 25 ਕਰੋੜ ਰੁਪਏ ਹੋ ਚੁੱਕੇ ਖ਼ਰਚ, ਜਾਣੋਂ ਹੋਰ ਕਿੰਨਾ ਆ ਰਿਹਾ ਫੰਡ

ਹੁਣ ਤੱਕ ਕਿਸਾਨੀ ਅੰਦੋਲਨ ‘ਚ 25 ਕਰੋੜ ਰੁਪਏ ਹੋ ਚੁੱਕੇ ਖ਼ਰਚ, ਜਾਣੋਂ ਹੋਰ ਕਿੰਨਾ ਆ ਰਿਹਾ ਫੰਡ

ਚੰਡੀਗੜ੍ਹ(ਵੀਓਪੀ ਬਿਊਰੋ) – ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਵਿਚਾਲੇ ਬਹੁਤ ਸਾਰੇ ਲੋਕ ਕਿਸਾਨਾਂ ਨੂੰ ਫਡਿੰਗ ਕਰ ਰਹੇ ਹਨ। ਹੁਣ ਤੱਕ ਕਿਸਾਨੀ ਅੰਦੋਲਨ ਉਪਰ 25 ਕਰੋੜ ਰੁਪਏ ਖਰਚ ਹੋ ਗਏ ਹਨ।

ਕਿਸਾਨ ਅੰਦੋਲਨ ਨੇ ਪੰਜਾਬ ਦਾ ਮਾਹੌਲ ਨੂੰ ਕਾਫੀ ਬਦਲਿਆ ਹੈ। ਪੰਜਾਬ ਦੇ ਕਿਸਾਨ ਅਕਸਰ ਧਾਰਮਿਕ ਸੰਸਥਵਾਂ ਨੂੰ ਖੁੱਲ੍ਹ ਕੇ ਦਾਨ ਦਿੰਦੇ ਹਨ ਪਰ ਇਸ ਹੁਣ ਉਹ ਕਿਸਾਨ ਅੰਦੋਲਨ ਲਈ ਮੋਟਾ ਫੰਡ ਦੇ ਰਹੇ ਹਨ। ਫ਼ਸਲਾਂ ਦੀ ਵਾਢੀ ਤੇ ਹਾੜੀ ਦੀ ਫ਼ਸਲ ਵੇਚਣ ਤੋਂ ਬਾਅਦ ਪੰਜਾਬ ਦੇ ਮਾਲਵਾ ਖ਼ਿੱਤੇ ਦੇ ਕਿਸਾਨ ਹੁਣ ਖੁੱਲ੍ਹ ਕੇ ਰਕਮਾਂ ਦਾਨ ਕਰ ਰਹੇ ਹਨ। ਇਕੱਲੇ ਮਾਨਸਾ ਜ਼ਿਲ੍ਹੇ ’ਚ ਉਨ੍ਹਾਂ ‘ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)’ ਨੂੰ 50 ਲੱਖ ਰੁਪਏ ਕੀਤੇ ਹਨ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਯੂਨੀਅਨ ਨੇ ਪਿਛਲੇ 11 ਮਹੀਨਿਆਂ ਦੌਰਾਨ, ਜਦ ਤੋਂ ਅੰਦੋਲਨ ਸ਼ੁਰੂ ਹੋਇਆ ਹੈ, 25 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਹਰੇਕ ਛੇ ਮਹੀਨਿਆਂ ਬਾਅਦ ਫ਼ੰਡ ਇਕੱਠੇ ਕਰਦੀ ਹੈ ਤੇ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਧਨ ਇਕੱਠਾ ਹੋਇਆ ਹੈ। ਇਸ ਵਾਰ ‘ਮੇਰੇ ਆਪਣੇ ਪਿੰਡ ਭੈਣੀਬਾਘਾ ਤੋਂ ਹੀ 11 ਲੱਖ ਰੁਪਏ ਇਕੱਠੇ ਹੋਏ ਹਨ। ਇੰਝ ਹੀ ਪਿੰਡ ਬੱਛੂਆਣਾ ਦੇ ਨਿਵਾਸੀਆਂ ਨੇ 12 ਲੱਖ ਰੁਪਏ ਇਕੱਠੇ ਕਰ ਕੇ ਦਿੱਤੇ ਹਨ।’

ਉਨ੍ਹਾਂ ਪੂਰੇ ਵੇਰਵੇ ਦਿੰਦਿਆਂ ਦੱਸਿਆ ਕਿ ਕਿਸ਼ਨਗੜ੍ਹ ਪਿੰਡ ਤੋਂ 7 ਲੱਖ ਰੁਪਏ, ਪਿੰਡ ਜੋਗਾ ਤੋਂ 6.5 ਲੱਖ ਰੁਪਏ, ਬਹਾਦਰਪੁਰ ਪਿੰਡ ਤੋਂ 6 ਲੱਖ ਰੁਪਏ, ਅਕਲੀਆ ਪਿੰਡ ਤੋਂ 6 ਲੱਖ ਰੁਪਏ, ਵੇਰਾਹੇ ਪਿੰਡ ਤੋਂ 5.5 ਲੱਖ ਰੁਪਏ, ਰਾੜ ਪਿੰਡ ਤੋਂ 4.5 ਲੱਖ ਰੁਪਏ, ਜਵਾਹਰਕੇ ਪਿੰਡ ਤੋਂ 4 ਲੱਖ ਰੁਪਏ ਤੇ ਫ਼ਰਵਾਹੀ ਪਿੰਡ ਤੋਂ 3 ਲੱਖ ਰੁਪਏ ਇਕੱਠੇ ਹੋਏ ਹਨ।

ਕਿਸਾਨ ਆਗੂ ਨੇ ਦੱਸਿਆ ਕਿ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੇ ਵੀ ਯੂਨੀਅਨ ਨੂੰ ਰਕਮਾਂ ਇਕੱਠੀਆਂ ਕਰ ਕੇ ਦਿੱਤੀਆਂ ਹਨ। ਉਹ ਯੂਨੀਅਨ ਦੀ ਲੋੜ ਮੁਤਾਬਕ ਵੀ ਧਨ ਦੀ ਮਦਦ ਕਰਨ ਲਈ ਤਿਆਰ ਹਨ। ਜਿਹੜੇ ਪਰਿਵਾਰ ਧਨ ਦਾ ਯੋਗਦਾਨ ਨਹੀਂ ਪਾ ਸਕਦੇ, ਉਨ੍ਹਾਂ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਕਣਕ ਦਿੱਤੀ ਹੈ। ਸਥਾਨਕ ਕਿਸਾਨ ਸਿਰਫ਼ ਅੰਦੋਲਨ ਅਧੀਨ ਦਿੱਲੀ ਦੇ ਮੋਰਚੇ ਨੂੰ ਸਫ਼ਲ ਹੁੰਦਾ ਤੱਕਣਾ ਚਾਹੁੰਦੇ ਹਨ।

ਯੂਨੀਅਨ ਕੋਲ ਆਮ ਤੌਰ ਉੱਤੇ ਹਰੇਕ ਛੇ ਮਹੀਨਿਆਂ ਬਾਅਦ ਕਣਕ, ਝੋਨਾ ਤੇ ਧਨ ਇਕੱਠਾ ਹੁੰਦਾ ਹੈ। ਫਿਰ ਉਸ ਅਨਾਜ ਨੂੰ ਵੇਚ ਕੇ ਧਨ ਯੂਨੀਅਨ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਮਾਨਸਾ) ਤੇ ਹੋਰਨਾਂ ਯੂਨੀਅਨਾਂ ਨੂੰ ਐਤਕੀਂ ਰੱਜ ਕੇ ਰਕਮਾਂ ਦਾਨ ਕੀਤੀਆਂ ਹਨ।

Leave a Reply

Your email address will not be published. Required fields are marked *

error: Content is protected !!