ਖ਼ਾਲਸਾ ਕਾਲਜ ਦਾ GNDU ’ਤੇੇ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ

ਖ਼ਾਲਸਾ ਕਾਲਜ ਦਾ GNDU  ’ਤੇੇ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ

ਅੰਮ੍ਰਿਤਸਰ (ਵੀਓਪੀ ਬਿਊਰੋ) – ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਖੇਡਾਂ ’ਚ ਜਿੱਤ ਦੇ ਝੰਡੇ ਗੱਡਣ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ 2019-20 ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਓਵਰ ਆਲ ਜਨਰਲ ਚੈਂਪੀਅਨਸ਼ਿਪ ’ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ ਕਰਕੇ ਚੌਥੇ ਸਾਲ ਲਗਾਤਾਰ ਯੂਨੀਵਰਸਿਟੀ ਖੇਡ ਮੁਕਾਬਲਿਆਂ ’ਚ ਆਪਣਾ ਦਬਦਬਾ ਕਾਇਮ ਰੱਖਿਆ। ਇਸ ਦੇ ਨਾਲ ਹੀ ਕਾਲਜ ਦੇ ਖਿਡਾਰੀਆਂ ਨੇ ਓਲੰਪਿਕਸ ਸਮੇਤ ਵੱਖ-ਵੱਖ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਤਮਗੇ ਹਾਸਲ ਕਰਕੇ ਕਾਲਜ ਦੀ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ।

ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਖਿਡਾਰੀ ਕਾਲਜ ਦੀ ਖੇਡਾਂ ’ਚ ਸ਼ਾਨਦਾਰ ਜਿੱਤਾਂ ਹਾਸਲ ਕਰਨ ਦੀ ਮੁੱਢ ਤੋਂ ਤੁਰੀ ਆ ਰਹੀ ਪ੍ਰੰਪਰਾ ਕਾਇਮ ਰੱਖ ਰਹੇ ਹਨ। ਕਾਲਜ ਆਪਣੇ ਖਿਡਾਰੀ ਵਿਦਿਆਰਥੀਆਂ ਨੂੰ ਉਹ ਹਰ ਸਹੂਲਤ ਮੁਹੱਈਆ ਕਰਵਾਉਂਦਾ ਹੈ, ਜੋ ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਜਿੱਤ ਹਾਸਲ ਕਰਨ ਲਈ ਲੋੜੀਂਦੀਆਂ ਹਨ। ਉਨ੍ਹਾਂ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਕਾਲਜ ਦੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਭਾਗ ਦਾ ਸਮੁੱਚਾ ਸਟਾਫ਼ ਤੇ ਕੋਚ ਵਿਦਿਆਰਥੀਆਂ ਨੂੰ ਤਿਆਰ ਕਰਨ ’ਚ ਪੂਰਾ ਤਾਣ ਲਾ ਰਹੇ ਹਨ। ਇਸ ਮਿਹਨਤ ਦੇ ਸਦਕਾ ਸਾਡੀ ਫੈਂਸਿੰਗ ਦੀ ਖਿਡਾਰੀ ਭਵਾਨੀ ਦੇਵੀ ਅਤੇ ਸ਼ੂਟਿੰਗ ਦੇ ਖਿਡਾਰੀ ਦਿਵਿਆਂਸ਼ ਸਿੰਘ ਪੰਵਾਰ ਨੇ ਟੋਕੀਓ ਉਲੰਪਿਕਸ ’ਚ ਆਪਣੀ ਜਗ੍ਹਾ ਪੱਕੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਸ ਸਾਲ ਦਿੱਲੀ ’ਚ ਹੋਏ ਆਈ. ਐਸ. ਐਸ. ਐਫ਼. ਵਿਸ਼ਵ ਕੱਪ ਦੇ ਸ਼ੂਟਿੰਗ ਮੁਕਾਬਲਿਆਂ ’ਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੀਆਂ ਟੀਮਾਂ ’ਚ ਕਾਲਜ ਦੇ ਵਿਦਿਆਰਥੀ ਖਿਡਾਰੀ ਲਕਸ਼ੇ ਅਤੇ ਦਿਵਿਆਂਸ਼ ਕੁਮਾਰ ਪੰਵਾਰ ਦੀ ਬੇਹਤਰੀਨ ਕਾਰਗ਼ੁਜ਼ਾਰੀ ਰਹੀ। ਦਿਵਿਆਂਸ਼ ਨੇ ਵਰਲਡ ਕੱਪ ’ਚ 10 ਮੀਟਰ ਏਅਰ ਰਾਈਫ਼ਲ ਦੇ ਸੋਲੋ ਮੁਕਾਬਲੇ ’ਚ ਕਾਂਸੀ ਦਾ ਤਮਗਾ ਵੀ ਜਿੱਤਿਆ। ਨਾਲ ਹੀ ਦੀ ਦਿਵਿਆਂਸ਼ ਦੀ ਚੋਣ ਟੋਕਿਓ ਉਲੰਪਿਕਸ ’ਚ ਵੀ ਹੋ ਗਈ। ਟੋਕਿਓ ਉਲੰਪਿਕਸ ਵਾਸਤੇ ਚੁਣੀ ਜਾਣ ਵਾਲੀ ਸਾਡੀ ਫੈਂਸਿੰਗ ਦੀ ਖਿਡਾਰਣ ਭਵਾਨੀ ਦੇਵੀ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ।

ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਓਵਰਆਲ ਜਨਰਲ ਚੈਂਪੀਅਨਸ਼ਿਪ ਦੇ ਏ ਡਵੀਜ਼ਨ ਦੇ ਪੁਰਸ਼ਾਂ ਦੇ ਮੁਕਾਬਲਿਆਂ ’ਚ ਜੇਤੂ ਰਿਹਾ। ਇਸੇ ਤਰ੍ਹਾਂ ਏ ਡਵੀਜ਼ਨ ਦੇ ਹੀ ਔਰਤਾਂ ਦੇ ਮੁਕਾਬਲਿਆਂ ਦੀ ਓਵਰ ਆਲ ਚੈਂਪੀਅਨਸ਼ਿਪ ’ਚ ਕਾਲਜ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਹੀ ਨਹੀਂ ਕਾਲਜ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਜੇਤੂ ਪ੍ਰਦਰਸ਼ਨ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਕੁਲ ਅੰਕਾਂ ਦੇ ਆਧਾਰ ’ਤੇ ਦਿੱਤੀ ਜਾਣ ਵਾਲੀ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀ ਵੀ ਆਪਣੇ ਨਾਮ ਕਰ ਲਈ। ਇਸ ਟਰਾਫ਼ੀ ਲਈ ਅੰਕਾਂ ਦੇ ਮਾਮਲੇ ’ਚ ਬਾਕੀ ਸਾਰੇ ਕਾਲਜਾਂ ਤੋਂ ਬਹੁਤ ਜ਼ਿਆਦਾ ਅੱਗੇ ਰਿਹਾ।

ਇਸ ਮੌਕੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਖਿਡਾਰੀ ਜਗਮੀਤ ਕੌਰ ਨੇ ਮਿਸਰ ਵਿਚ ਹੋਏ ਜੂਨੀਅਰ ਵਿਸ਼ਵ ਕੱਪ ਫੈਂਸਿੰਗ ਮੁਕਾਬਲੇ ’ਚ ਹਿੱਸਾ ਲਿਆ। ਇਸ ਦੇ ਨਾਲ ਹੀ ਗੁਰਪੰਥਜੀਤ ਸਿੰਘ (ਫੁੱਟਬਾਲ) ਅਤੇ ਅਮਨਦੀਪ ਕੌਰ (ਹਾਕੀ) ਦੀ ਚੋਣ ਭਾਰਤੀ ਕੈਂਪ ਲਈ ਹੋਈ। ਫੈਸਿੰਗ ਦੇ ਖਿਡਾਰੀਆਂ ਸ਼ੁਭਮ ਰਾਣਾ, ਦੇਵ, ਹਰਸ਼ਿਲ ਸ਼ਰਮਾ, ਸ਼ਿਲਪਾ ਥਾਪਾ ਤੇ ਕਸ਼ਿਸ ਮਲਿਕ ਤੇ ਜਿਮਨਾਸਟਿਕ ’ਚ ਅਰੁਣ ਕੁਮਾਰ ਯਾਦਵ, ਕ੍ਰਿਸ਼ਨਾ, ਵੈਭਵ, ਮੇਘਨਾ ਰੈੱਡੀ, ਕ੍ਰਿਤੀ ਧੱਮੀ ਦੀ ਚੋਣ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਹੋ ਚੁੱਕੀ ਹੈ। ਇਹ ਸਾਰੇ ਵਿਦਿਆਰਥੀ ਖਿਡਾਰੀ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣਗੇ।ਕੌਮੀ ਪੱਧਰ ਦੇ ਜੂਨੀਅਰ ਨੈਸ਼ਨਲ ਮੁਕਾਬਲਿਆਂ ਵਿਚ ਲਵਰੋਜ਼ਪ੍ਰੀਤ ਕੌਰ (ਤੀਰ-ਅੰਦਾਜ਼ੀ) ਨੇ ਕਾਂਸੀ ਦਾ ਤਮਗਾ ਜਿੱਤਿਆ ਤੇ ਫੈਂਸਿੰਗ ਵਿਚ ਹਰਸ਼ਿਲ ਸ਼ਰਮਾ ਨੇ ਭਾਗ ਲਿਆ। ਜਗਮੀਤ ਕੌਰ ਨੇ ਜੂਨੀਅਰ ਨੈਸ਼ਨਲ ਸੋਲੋ ਮੁਕਾਬਲੇ ਵਿਚ ਸੋਨੇ ਤੇ ਸੀਨੀਅਰ ਨੈਸ਼ਨਲ ਦੇ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਡਾ. ਦਲਜੀਤ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ ਤੇ ਕਾਲਜ ਪਿ੍ਰੰਸੀਪਲ ਤੇ ਮੈਨੇਜਮੈਂਟ ਵੱਲੋਂ ਮਿਲੇ ਹਰ ਤਰ੍ਹਾਂ ਦਾ ਸਹਿਯੋਗ ਦੇ ਸਿਰ ਬੰਨ੍ਹਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

error: Content is protected !!