ਕੇਂਦਰ ਸਰਕਾਰ ਦੇ ਫੈਸਲੇ ਨੇ ਜਲੰਧਰੀਆਂ ਦੇ ਚਿਹਰੇ ‘ਤੇ ਲਿਆਉਂਦੀ ਰੌਣਕ

ਕੇਂਦਰ ਸਰਕਾਰ ਦੇ ਫੈਸਲੇ ਨੇ ਜਲੰਧਰੀਆਂ ਦੇ ਚਿਹਰੇ ‘ਤੇ ਲਿਆਉਂਦੀ ਰੌਣਕ

ਹਿੰਦੋਸਤਾਨ ਦਾ ਗ੍ਰਹਿ ਮੰਤਰਾਲਾ ਗੈਰ-ਮੁਸਲਿਮ ਸਾਰੇ ਲੋਕਾਂ ਨੂੰ ਦੇਵੇਗਾ ਭਾਰਤ ਦੀ ਨਾਗਰਿਕਤਾ, ਪੜ੍ਹੋ ਜਲੰਧਰ ਦੇ ਲੋਕਾਂ ਦਾ ਕੀ ਕਹਿਣਾ ਹੈ ਇਸ ਬਾਰੇ

ਜਲੰਧਰ (ਗੁਰਪ੍ਰੀਤ ਡੈਨੀ)  – ਹਿੰਦੋਸਤਾਨ ਦੇ ਗ੍ਰਹਿ ਮੰਤਰਾਲੇ ਨੇ ਗੈਰ ਮੁਸਲਿਮ ਲੋਕਾਂ ਲਈ ਭਾਰਤ ਦੀ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਲਈ ਐਲਾਨ ਕੀਤਾ ਹੈ। ਇਸ ਵਿਚ ਮੁਸਲਿਮ ਭਾਈਚਾਰੇ ਨੂੰ ਛੱਡ ਕੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਏ ਸਿੱਖ, ਬੋਧੀ, ਜੈਨੀ, ਈਸਾਈ ਘੱਟ ਗਿਣਤੀ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ, ਹਰਿਆਣਾ ਦੇ ਗ੍ਰਹਿ ਸਕੱਤਰਾਂ ਨੂੰ ਪ੍ਰਵਾਸੀ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਅਧਿਕਾਰ ਦਿੱਤਾ ਹੈ। ਇਸ ਤੋਂ ਇਲਾਵਾ ਗੁਜਰਾਤ, ਛੱਤੀਸਗੜ੍ਹ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਜ਼ਿਲ੍ਹਾ ਮੈਜੀਸਟ੍ਰੇਟ ਨੂੰ ਵੀ ਇਹ ਅਧਿਕਾਰ ਦਿੱਤਾ ਹੈ।

ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨੋਟੀਫ਼ਿਕੇਸ਼ਨ ਨਾਗਰਿਕਤਾ ਕਾਨੂੰਨ 1955 ਦੇ ਸੈਕਸ਼ਨ 16 ਤਹਿਤ ਹੈ, ਜੋ ਕੇਂਦਰ ਸਰਕਾਰ ਨੂੰ ਕਿਸੇ ਅਧਿਕਾਰ ਨੂੰ ਕਿਸੇ ਵੀ ਸ਼ਕਤੀ ਸੌਂਪਣ ਵਿੱਚ ਸਮਰੱਥ ਬਣਾਉਂਦੀ ਹੈ। ਸੈਕਸ਼ਨ ਪੰਜ ਤਹਿਤ ਕੇਂਦਰ ਸਰਕਾਰ ਭਾਰਤ ਦੀ ਨਾਗਰਿਕਤਾ ਦੇ ਲਈ ਅਰਜ਼ੀ ਦਾ ਹੁਕਮ ਦਿੰਦੀ ਹੈ। ਇਸ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਏ ਸਾਰੇ ਗ਼ੈਰ-ਮੁਸਲਿਮ ਘੱਟ ਗਿਣਤੀ ਲੋਕਾਂ ਨੂੰ ਨਾਗਰਿਕਤਾ ਮਿਲੇਗੀ।

ਜਲੰਧਰ ਦੇ ਬਸਤੀ ਬਾਵਾ ਖੇਲ  ਅਤੇ ਨਾਲ ਲੱਗਦੇ ਹੋਰ ਕਈ ਇਲਾਕਿਆਂ ਵਿਚ 200 ਤੋਂ ਉਪਰ ਗੈਰ-ਮੁਸਲਿਮ ਪਰਿਵਾਰ ਰਹਿੰਦੇ ਹਨ ਜੋ ਪਾਕਿਸਤਾਨ ਤੋਂ ਆਏ ਹਨ ਜਿਹਨਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 20-25 ਸਾਲ ਤੋਂ ਜਲੰਧਰ ਰਹਿ ਰਹੇ ਹਾਂ ਤੇ ਹੁਣ ਜੋ ਸਾਨੂੰ ਭਾਰਤੀ ਨਾਗਰਿਕਤਾ ਦੇਣ ਦਾ ਸਰਕਾਰ ਦਾ ਫੈਸਲਾ ਆਇਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।

ਆਓ ਜਾਣਦੇ ਹਾਂ ਕੀ ਕਹਿਣਾ ਹੈ ਜਲੰਧਰ ਦੇ ਗੈਰ-ਮੁਸਲਿਮ ਲੋਕਾਂ ਦਾ

ਕਈ ਵਾਰ ਸਰਕਾਰੇ-ਦਰਬਾਰੇ ਕੀਤੀ ਸੀ ਪਹੁੰਚ – ਲਾਲ ਚੰਦ

ਲਾਲ ਚੰਦ ਜਲੰਧਰ ਦੇ ਬਸਤੀ ਬਾਵਾ ਖੇਲ ਵਿਚ ਪਿਛਲੇ ਵੀਂਹ ਸਾਲ ਤੋਂ ਰਹਿ ਰਹੇ ਹਨ। ਜਿਹਨਾਂ ਦਾ ਕਹਿਣਾ ਹੈ ਅਸੀਂ ਵੀਜ਼ਾ ਲੈ ਕੇ ਵਾਇਆ ਦਿੱਲੀ ਜਲੰਧਰ ਆਏ ਸਾਂ ਅਤੇ ਬਹੁਤ ਸਾਲਾਂ ਤੋਂ ਸਰਕਾਰ ਅੱਗੇ ਇਹ ਮੰਗ ਕਰਦੇ ਆ ਰਹੇ ਸਾਂ ਕਿ ਸਾਨੂੰ ਭਾਰਤ ਦਾ ਨਾਗਰਿਕਤਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਚੁੱਕੇ ਹਾਂ। ਲਾਲ ਚੰਦ ਦਾ ਕਹਿਣਾ ਹੈ ਕਿ ਜੋ ਹੁਣ ਸਰਕਾਰ ਦਾ ਫੈਸਲਾ ਆਇਆ ਹੈ ਉਹ ਬਹੁਤ ਹੀ ਵਧੀਆ ਹੈ ਜਿਸ ਨਾਲ ਸਾਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ ਤੇ ਅਸੀਂ ਬਹੁਤ ਖੁਸ਼ ਹਾਂ।

ਥਾਂ-ਥਾਂ ਪੁੱਛਿਆ ਜਾਂਦਾ ਸੀ ਪਛਾਣ ਪੱਤਰ – ਨੇਹਾ ਕੁਮਾਰੀ

ਪਾਕਿਸਤਾਨ ਤੋਂ ਆਈ ਨੇਹਾ ਕੁਮਾਰੀ ਵੀ ਜਲੰਧਰ ਦੇ ਬਸਤੀ ਬਾਵਾ ਖੇਲ ਵਿਚ ਰਹਿ ਰਹੀ ਹੈ। ਨੇਹਾ ਨੇ ਦੱਸਿਆ ਕਿ ਉਹ ਅੱਜ ਤੋਂ 20 ਸਾਲ ਪਹਿਲਾਂ ਆਪਣੇ ਗ੍ਰੈਂਡ ਪੇਰੈਂਟਸ ਕੋਲ ਭਾਰਤ ਆ ਗਈ ਸੀ। ਨੇਹਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਸੱਭਿਆਚਾਰ ਵੱਖਰਾ ਹੈ, ਉੱਥੇ ਉਹਨਾਂ ਕੋਲੋ ਜਗ੍ਹਾ-ਜਗ੍ਹਾ ਪਛਾਣ ਪੱਤਰ ਪੁੱਛਿਆ ਜਾਂਦਾ ਸੀ ਜਿਸ ਕਰਕੇ ਬਹੁਤ ਸਾਰੇ ਸਰਕਾਰੀ ਕੰਮ ਕਰਵਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨੇਹਾ ਨੇ ਕਿਹਾ ਕਿ ਜਦੋਂ ਉਹ ਭਾਰਤ ਆਈ ਤਾਂ ਇੱਥੇ ਵੀ ਪਛਾਣ ਪੱਤਰ ਪੁੱਛਿਆ ਜਾਣ ਲੱਗਿਆ ਜਿਸ ਕਰਕੇ ਪੜ੍ਹਾਈ ਕਰਨ ਵਿਚ ਸਮੱਸਿਆ ਆਈ ਸੀ ਤੇ ਹੁਣ ਜੋ ਸਰਕਾਰ ਦਾ ਫੈਸਲਾ ਆਇਆ ਹੈ ਜਿਸ ਵਿਚ ਸਾਨੂੰ ਭਾਰਤੀ ਦੀ ਨਾਗਰਿਕਤਾ ਦਿੱਤੀ ਜਾਣ ਦਾ ਜ਼ਿਕਰ ਹੈ,ਇਹ ਫੈਸਲਾ ਬਹੁਤ ਵਧੀਆ ਹੈ। ਨੇਹਾ ਨੇ ਕਿਹਾ ਕਿ ਹੁਣ ਸਾਨੂੰ ਆਪਣਾ ਪਛਾਣ ਪੱਤਰ ਦਿਖਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਸਰਕਾਰ ਦਾ ਫੈਸਲਾ ਸ਼ਲਾਘਾਯੋਗ – ਚੰਦਾ ਰਾਣੀ

ਚੰਦਾ ਰਾਣੀ ਨੂੰ ਭਾਰਤ ਆਇਆ 21 ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰ ਅੱਗੇ ਕਈ ਵਾਰ ਗੁਹਾਰ ਲਈ ਸੀ ਕਿ ਸਾਨੂੰ ਭਾਰਤ ਦੀ ਸਿਟੀਜਨ ਸ਼ਿਪ ਦਿੱਤੀ ਜਾਵੇ। ਚੰਦਾ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਜਿਸ ਨਾਲ ਸਾਡੇ ਬੱਚਿਆਂ ਨੂੰ ਭਵਿੱਖ ਵਿਚ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਸਾਡਾ 21 ਸਾਲ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!