ਖਹਿਰਾ ਕਦੇ ਵੀ ਕਾਂਗਰਸ ਦਾ ਵਫ਼ਾਦਾਰ ਨਹੀਂ ਹੋ ਸਕਦਾ : ਅਮਨਦੀਪ ਸਿੰਘ ਗੋਰਾ ਗਿੱਲ

ਖਹਿਰਾ ਕਦੇ ਵੀ ਕਾਂਗਰਸ ਦਾ ਵਫ਼ਾਦਾਰ ਨਹੀਂ ਹੋ ਸਕਦਾ : ਅਮਨਦੀਪ ਸਿੰਘ ਗੋਰਾ

ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨ ਸੁਖਪਾਲ ਖਹਿਰਾ ਵਲੋਂ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਹੈ। ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਖਹਿਰਾ ਦਾ ਵਿਰੋਧ ਲਗਾਤਾਰ ਜਾਰੀ ਹੈ। ਉਸਦੇ ਇਲਾਕੇ ਦੇ ਕਾਂਗਰਸੀ ਨੇਤਾ ਅਮਨਦੀਪ ਸਿੰਘ ਗੋਰਾ ਗਿੱਲ ਨੇ ਖਹਿਰਾ ਦੇ ਖਿਲਾਫ ਪ੍ਰੈਸ ਵਾਰਤਾ ਕਰਕੇ ਕਿਹਾ ਕੀ ਸੁਖਪਾਲ ਸਿੰਘ ਖਹਿਰਾ ਕਦੇ ਵੀ ਕਾਂਗਰਸ ਪਾਰਟੀ ਦਾ ਵਫਾਦਾਰ ਨਹੀਂ ਹੋ ਸਕਦਾ।  ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਆਪਣੇ ਹਲਕੇ ਦੇ ਮੋਹਤਬਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ ਪ੍ਰੈਸ ਕਾਨਫਰੰਸ ਕੀਤੀ।

ਗੋਰਾ ਨੇ ਕਿਹਾ ਕਿ 1995 ਵਿਚ ਕਾਂਗਰਸ ਵਿੱਚ ਸ਼ਾਮਲ ਹੋਏ ਖਹਿਰਾ ਦਾ ਸਿਆਸੀ ਪਿਛੋਕੜ ਅਕਾਲੀ ਹੈ। ਉਸਦੇ ਪਿਤਾ ਸੁਖਜਿੰਦਰ ਸਿੰਘ ਨੇ ਖਾਲਿਸਤਾਨ ਦਾ ਨਾਹਰਾ ਮਾਰਿਆ, ਕਪੂਰਥਲਾ ਦੀ ਕਚਹਿਰੀ ਵਿੱਚ ਖਾਲਿਸਤਾਨ ਦਾ ਝੰਡਾ ਵੀ ਬੁਲਾਇਆ। ਆਪ ਤੇ ਜੇਲ ਚਲੇ ਗਏ, ਪਰੰਤੂ ਸੈਕੜੇ ਮਾਂਵਾਂ ਦੇ ਪੁੱਤ, ਭੈਣਾਂ ਦੇ ਭਰਾ ਮਰਵਾ ਦਿੱਤੇ। 1997, 2002 ਵਿਚ ਕਾਂਗਰਸ ਵੱਲੋਂ ਬੀਬੀ ਜਗੀਰ ਕੌਰ ਦੇ ਖਿਲਾਫ ਚੋਣ ਲੜੀ, ਹਾਰ ਗਿਆ। ਪਰ ਸਰਕਾਰ ਕਾਂਗਰਸ ਦੀ ਬਣ ਗਈ। 2007 ਵਿਚ ਐਮ ਐਲ ਏ ਤਾਂ ਬਣ ਗਿਆ ਲੇਕਿਨ ਅਕਾਲੀ ਸਰਕਾਰ ਬਣ ਗਈ। ਇਸ ਦੌਰਾਨ ਹਲਕੇ ਦਾ ਕੋਈ ਵਰਨਣਯੋਗ ਵਿਕਾਸ ਨਹੀਂ ਕਰਵਾਇਆ। ਕੇਵਲ ਤੇ ਕੇਵਲ ਜ਼ਿਆਦਾ ਬੋਲਣ ਦੀ ਆਦਤ ਹੋਣ ਕਰਕੇ ਵਿਰੋਧੀਆਂ ਤੇ ਨਿਸ਼ਾਨੇ ਲਗਾਏ ਜਾਂਦੇ ਰਹੇ।

2012 ਦੀਆਂ ਚੋਣ ਵਿਚ ਬੀਬੀ ਜਗੀਰ ਕੌਰ ਜਿੱਤ ਗਏ। ਸੁਖਪਾਲ ਸਿੰਘ ਖਹਿਰਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗੋਰਾ ਨੇ ਆਖਿਆ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਆਪ ਦੀ ਲਹਿਰ ਚੱਲੀ, ਖਹਿਰਾ ਸਾਹਿਬ ਨੇ ਪੈਂਤੜਾ ਬਦਲਿਆ, ਕੈਪਟਨ, ਬਾਦਲ ਸਾਰੇ ਭ੍ਰਸ਼ਟ ਲੋਕ ਬਣ ਗਏ ਤੇ ਖਹਿਰਾ ਦੁੱਧ ਧੋਤਾ। ਇਸ ਦੌਰਾਨ ਕੇਜਰੀਵਾਲ ਦੇ ਦਰਬਾਰ ਦੀਆਂ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚੋਣਾ ਦੌਰਾਨ ਆਪ ਦਾ ਝਾੜੂ ਫੜ ਕੇ ਵਿਧਾਇਕ ਬਣੇ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ। ਪਰੰਤੂ ਇੱਕ ਸਾਲ ਵੀ ਨਾ ਕੱਢਿਆ ਤੇ ਅੰਦਰੋਂ ਗੈਰਤਮੰਦੀ ਫਿਰ ਜਾਗ ਪਈ, ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅੰਨ ਤੇ ਬੇਲੋੜਾ ਵਿਰੋਧ ਸ਼ੁਰੂ ਕਰ ਦਿੱਤਾ। ਕੁਝ ਵਿਧਾਇਕ ਲੈ ਕੇ ਪੰਜਾਬ ਏਕਤਾ ਪਾਰਟੀ ਬਣਾ ਲਈ। ਪਾਰਟੀ ਸੁਪਰੀਮੋ ਬਣ ਕੇ ਆਪ ਟਿਕਟਾਂ ਵੰਡੀਆਂ, ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਕੇ ਕਾਂਗਰਸ ਦੇ ਉਮੀਦਵਾਰ ਨੂੰ ਨੁਕਸਾਨ ਪਹੁੰਚਾਇਆ। ਬੀਬੀ ਪਰਮਜੀਤ ਕੌਰ ਖਾਲੜਾ ਨੂੰ ਟਿਕਟ ਦੇ ਕੇ, ਉਹਨਾਂ ਦੀ ਮੱਦਦ ਨਾ ਕਰਕੇ, ਜਿਥੇ ਖਾਲੜਾ ਪਰਿਵਾਰ ਦੀ ਕੁਰਬਾਨੀ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਉਥੇ ਗਰਮ ਖਿਆਲੀਆਂ ਰਾਹੀ ਵਿਦੇਸ਼ਾਂ ਤੋਂ ਆਇਆ ਪੈਸਾ ਹੜਪ ਕਰ ਲਿਆ।

ਅਮਨਦੀਪ ਸਿੰਘ ਗੋਰਾ ਨੇ ਆਖਿਆ ਕਿ ਕਰੀਬ ਸਾਢੇ 4 ਸਾਲ ਤੋ ਹਲਕੇ ਤੋਂ ਗਾਇਬ ਚਲੇ ਆ ਰਹੇ ਹਨ। ਹਲਕੇ ਦੇ ਲੋਕਾਂ ਦੀ ਕਦੇ ਸਾਰ ਨਹੀਂ ਲਈ। ਵਿਕਾਸ ਦੇ ਕੰਮ ਵੀ ਕਰਵਾਉਣੇ ਸੀ, ਉਲਟਾ ਅੜਿੱਕੇ ਖੜੇ ਕੀਤੇ ਜਾਂਦੇ ਰਹੇ। ਜਿਸ ਦਿਨ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੀ ਹੈ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਅਥਾਹ ਵਿਕਾਸ ਹੋਇਆ ਹੈ। ਜਿਹੜੀ ਕਾਂਗਰਸ ਪਾਰਟੀ ਦੇ ਲੋਕ ਸਭਾ ਨਹੀਂ ਸੀ ਜਿੱਤੀ, ਇਸ ਵਾਰ ਹਲਕੇ ਚੋਂ ਨੰਬਰ ਇੱਕ ਤੇ ਆਈ। ਪੰਚਾਇਤਾਂ ਦੀਆਂ ਚੋਣਾਂ ਬਹੁ ਸੰਮਤੀ ਨਾਲ ਜਿੱਤੀਆਂ। ਦੋ ਨਗਰ ਪੰਚਾਇਤਾਂ ਦੀਆਂ ਚੋਣਾ ਜਿਤੀਆ। ਹਲਕੇ ਵਿੱਚ ਕਾਂਗਰਸ ਨੂੰ ਤਾਕਤਵਰ ਬਣਾਇਆ ਗਿਆ। ਜਿਹੜੇ ਖਹਿਰਾ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਨੂੰ ਪਾਣੀ ਪੀ ਪੀ ਕੋਸਦੇ ਰਹਿੰਦੇ ਸਨ। ਉਹਨਾਂ ਲੋਕਾਂ ਕਾਂਗਰਸ ਕਿਵੇਂ ਚੰਗੀ ਬਣ ਗਈ। ਹੁਣ ਖਹਿਰਾ ਦੀ ਗੈਰਤਮੰਦੀ ਕਿਥੇ ਗਈ?  ਉਹਨਾਂ ਕਿਹਾ ਕਿ ਸਾਰਾ ਮਾਮਲਾ ਕਾਂਗਰਸ ਹਾਈ ਕਮਾਂਡ ਦੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ। ਜਲਦੀ ਹੀ ਹਲਕੇ ਵਿਚ ਕਾਂਗਰਸੀ ਸਰਪੰਚਾਂ, ਪੰਚਾਂ, ਵਰਕਰਾਂ ਤੇ ਅਹੁਦੇਦਾਰਾਂ ਦਾ ਇਕੱਠ ਕੀਤਾ ਜਾਵੇਗਾ ਅਤੇ ਖਹਿਰਾ ਦੀ ਵਾਪਸੀ ਦਾ ਵਿਰੋਧ ਕੀਤਾ ਜਾਵੇਗਾ ।

error: Content is protected !!