62 ਘੰਟਿਆਂ ਦੇ ਕਰਫ਼ਿਊ ਮਗਰੋਂ ਲੁਧਿਆਣਾ ਦੇ ਬਾਜ਼ਰਾਂ ‘ਚ ਚਹਿਲ-ਪਹਿਲ

62 ਘੰਟਿਆਂ ਦੇ ਕਰਫ਼ਿਊ ਮਗਰੋਂ ਲੁਧਿਆਣਾ ਦੇ ਬਾਜ਼ਰਾਂ ‘ਚ ਚਹਿਲ-ਪਹਿਲ

ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਬਾਅਦ ਹੁਣ ਲੁਧਿਆਣਾ ਦੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹਿਰ ‘ਚ 62 ਘੰਟਿਆਂ ਬਾਅਦ ਸੋਮਵਾਰ ਸਵੇਰੇ ਪੰਜ ਵਜੇ ਕਰਫਿਊ ‘ਚ ਢਿੱਲ ਦਿੱਤੀ ਗਈ ਹੈ। ਇਹ ਢਿੱਲ ਦਾ ਸਮਾਂ ਸ਼ਾਮ ਪੰਜ ਵਜੇ ਤੱਕ ਦਾ ਹੀ ਹੈ।

ਅੱਜ ਸਵੇਰ ਤੋਂ ਹੀ ਸ਼ਹਿਰ ਵਿਚ ਚਹਿਲ-ਪਹਿਲ ਦਿਸੀ। ਸ਼ਹਿਰ ‘ਚ ਬਾਜ਼ਾਰ, ਨਿੱਜੀ ਸੰਸਥਾਨ ਤੇ ਦਫ਼ਤਰ ਆਦਿ ਖੁੱਲ੍ਹੇ ਹਨ। ਲੋਕ ਰੋਜ਼ਮਰਾ ਦੇ ਕੰਮ ਨਿਪਟਾ ਰਹੇ ਹਨ। ਸ਼ਹਿਰ ਦੇ ਬਾਜ਼ਾਰਾਂ ‘ਚ ਖ਼ਾਸ ਕਰ ਕੇ ਪੁਰਾਣੇ ਬਾਜ਼ਾਰਾਂ ‘ਚ ਭੀੜ ਹੈ। ਦੋ ਦਿਨ ਮਾਰਕਿਟ ਬੰਦ ਰਹਿਣ ਤੋਂ ਬਾਅਦ ਬਾਜ਼ਾਰ ਖੁੱਲ੍ਹਣ ਨਾਲ ਲੋਕ ਵੀ ਆਪਣੀ ਲੋੜ ਮੁਤਾਬਿਕ ਖਰੀਦਦਾਰੀ ਕਰ ਰਹੇ ਹਨ।

ਸ਼ਾਮ ‘ਚ ਪੰਜ ਵਜੇ ਤੋਂ ਬਾਅਦ ਸ਼ਹਿਰ ‘ਚ ਫਿਰ ਕਰਫਿਊ ਪਾਬੰਦੀਆਂ ਲਾਗੂ ਹੋ ਜਾਣਗੀਆਂ ਜੋ ਅਗਲੇ 12 ਘੰਟੇ ਤਕ ਜਾਰੀ ਰਹਿਣਗੀਆਂ। ਸ਼ੁੱਕਰਵਾਰ ਤਕ ਰੁਜ਼ਾਨਾ ਸਵੇਰੇ ਪੰਜ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤਕ ਕਰਫਿਊ ਢਿੱਲ ਦਿੱਤੀ ਜਾਵੇਗੀ। ਸੋਮਵਾਰ ਨੂੰ ਸ਼ਹਿਰ ਦੇ ਪੁਰਾਣੇ ਬਾਜ਼ਾਰਾਂ ਚੌੜਾ ਬਾਜ਼ਾਰ, ਗੁੜ ਮੰਡੀ, ਸਾਬਣ ਬਾਜ਼ਾਰ, ਸਰਾਫ਼ਾ ਬਾਜ਼ਾਰ, ਮੀਨਾ ਬਾਜ਼ਾਰ, ਮਾਤਾ ਰਾਣੀ ਚੌਕ, ਕੇਸਰਗੰਜ ਮੰਡੀ, ਬੂਟੇਸ਼ਾਹ ਦੀ ਮੰਡੀ, ਪ੍ਰਤਾਪ ਬਾਜ਼ਾਰ ਆਦਿ ‘ਚ ਭੀੜ ਰਹੀ।

error: Content is protected !!