ਪਹਿਲਾਂ ਪੰਪ ਸੁਰੱਖਿਆ ਕਰਮੀ ਤੋਂ ਲੁੱਟਿਆ ਪੈਸਾ, ਫਿਰ ਉਹਦੀ ਗੰਨ ਵੀ ਖੋਹ ਕੇ ਲੈ ਗਏ ਚੋਰ

ਪਹਿਲਾਂ ਪੰਪ ਸੁਰੱਖਿਆ ਕਰਮੀ ਤੋਂ ਲੁੱਟਿਆ ਪੈਸਾ, ਫਿਰ ਉਹਦੀ ਗੰਨ ਵੀ ਖੋਹ ਕੇ ਲੈ ਗਏ ਚੋਰ

ਪਟਿਆਲਾ (ਵੀਓਪੀ ਬਿਊਰੋ) – ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪਟਿਆਲੇ ਵਾਲੀ ਘਟਨਾ ਨੇ ਤਾਂ ਹੈਰਾਨ ਹੀ ਕਰ ਦਿੱਤਾ ਹੈ। ਪਟਿਆਲਾ ਦੇ ਸੁਰੰਗ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ ‘ਤੇ ਸਵੇਰੇ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਨੋਵਾ ਕਾਰ ਸਵਾਰ ਲੁਟੇਰੇ ਪਿਸਤੌਲ ਦੀ ਜ਼ੋਰ ‘ਤੇ ਪੰਪ ਦੇ ਦਫ਼ਤਰ ‘ਚੋਂ ਕੁਝ ਨਕਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਜਾਂਦੇ-ਜਾਂਦੇ ਲੁਟੇਰੇ ਪੰਪ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮ ਦੀ ਪਿਸਤੌਲ ਵੀ ਖੋਹ ਕੇ ਲੈ ਗਏ। ਫਿਲਹਾਲ ਥਾਣਾ ਅਨਾਜ ਮੰਡੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਪ ਦੇ ਸੁਰੱਖਿਆ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਤੜਕੇ ਕਰੀਬ 2:15 ਵਜੇ ਇਨੋਵਾ ਕਾਰ ‘ਤੇ ਸੱਤ-ਅੱਠ ਵਿਅਕਤੀ ਆਏ। ਉਹਨਾਂ ਨੇ ਪਹਿਲਾਂ ਕਿਹਾ ਕਿ ਸਾਡੇ ਮੋਟਰਸਾਈਕਲ ਵਿਚ ਪੈਟਰੋਲ ਪਾ ਦਿਓ। ਦੇਖਦੇ ਹੀ ਦੇਖਦੇ ਕਾਰ ਸਵਾਰ ਵਿਅਕਤੀ ਬਾਹਰ ਆਏ ਅਤੇ ਪਿਸਤੌਲ ਦਿਖਾਉਂਦਿਆਂ ਦਫ਼ਤਰ ‘ਚ ਦਾਖ਼ਲ ਹੋ ਗਏ। ਲੁਟੇਰਿਆਂ ਵੱਲੋਂ ਪੰਪ ‘ਤੇ ਮੌਜੂਦ ਦੋ ਮੁਲਾਜ਼ਮਾਂ ਦੀ ਕੁੱਟਮਾਰ ਕਰਦਿਆਂ ਦਫ਼ਤਰ ਵਿਚ ਪਏ ਕੁਝ ਨਕਦੀ ਅਤੇ ਇਕ ਦਰਾਜ਼ ਕਾਰ ਵਿੱਚ ਲੱਦ ਕੇ ਲੈ ਗਏ। ਸੁਖਦੇਵ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੇ ਕੋਲ ਪਿਸਤੌਲ ਵੀ ਸੀ ਜਿਨ੍ਹਾਂ ਨੇ ਆਉਂਦੇ ਸਾਰ ਪਹਿਲਾਂ ਸੁਖਦੇਵ ਦੀ ਪਿਸਤੌਲ ਖੋਹ ਲਈ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਸਾਰੀ ਵਾਰਦਾਤ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਅਨਾਜ ਮੰਡੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!