ਮਾਇਆਵਤੀ ਤੋਂ ਬਿਨਾ ਹਾਥੀ ‘ਤੇ ਸਵਾਰ ਹੋਣਾ ਸੁਖਬੀਰ ਦੇ ਸਿਆਸੀ ਪਤਨ ਦੀ ਨਿਸ਼ਾਨੀ : ਭੋਮਾ 

ਮਾਇਆਵਤੀ ਤੋਂ ਬਿਨਾ ਹਾਥੀ ‘ਤੇ ਸਵਾਰ ਹੋਣਾ ਸੁਖਬੀਰ ਦੇ ਸਿਆਸੀ ਪਤਨ ਦੀ ਨਿਸ਼ਾਨੀ : ਭੋਮਾ

ਲੱਖ ਤਰਲੇ ਕੱਢਣ ਦੇ ਬਾਵਜੂਦ ਵੀ ਮਾਇਆਵਤੀ ਨੇ ਸੁਖਬੀਰ ਦਾ ਸੱਦਾ ਠੁਕਰਾਇਆ

ਅੰਮ੍ਰਿਤਸਰ,12 ਜੂਨ (ਵੀਓਪੀ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੀਤ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਅਕਾਲੀ ਦਲ ਬਾਦਲ ਦੇ ਭਾਜਪਾ ਨਾਲ ਤਲਾਕ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਅੱਜ ਨਵੇਂ ਬਣੇ ਪਤੀ ਪਤਨੀ ਦੇ ਸਿਆਸੀ ਰਿਸ਼ਤੇ ਤੇ ਗਠਜੋੜ ‘ਤੇ ਟਕੋਰ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਆਪੋ ਆਪਣੇ ਰਾਜਾਂ ਵਿੱਚ ਲੋਕਾਂ ਵਲੋਂ ਨਕਾਰੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਗਠਜੋੜ ਨੂੰ ਲੈ ਕੇ ਬਾਦਲ ਪਰਿਵਾਰ ਦੇ ਚਾਪਲੂਸ ਖ਼ੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ ਉਹ ਮਜਬੂਰੀ ਵੱਸ ਕੀਤਾ ਇਹ ਗਠਜੋੜ ਬਾਦਲਾਂ ਦੇ ਸਿਆਸੀ ਪਤਨ ਦੀ ਨਿਸ਼ਾਨੀ ਹੈ।

ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨਾਲ ਤੋੜ-ਵਿਛੋੜੇ ਤੋਂ ਬਾਅਦ ਸੁਖਬੀਰ ਵੱਲੋਂ ਮਾਇਆਵਤੀ ਦੀ ਗੈਰ-ਹਾਜ਼ਰੀ ਵਿਚ ਹਾਥੀ ਦੀ ਸਵਾਰੀ ਕਰਨਾ ਉਸਦੇ ਸਿਆਸੀ ਅਣਜਾਣ ਪੁਣੇ ਅਤੇ ਪਤਨ ਦੀ ਨਿਸ਼ਾਨੀ ਹੈ। ਸੁਖਬੀਰ ਨੇ ਉਸ ਪਾਰਟੀ ਨਾਲ ਸਮਝੌਤਾ ਕੀਤਾ ਜਿਹੜੀ ਪਿਛਲੇ ਦਸਾਂ ਸਾਲਾਂ ਤੋਂ ਉੱਤਰ ਪ੍ਰਦੇਸ਼ ਵਿਚ ਵਿਰੋਧੀ ਧਿਰ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ  ਦੀਆਂ ਲੱਖ ਮਿੰਨਤਾਂ ਕਰਨ ਦੇ ਬਾਵਜੂਦ ਵੀ ਮਾਇਆਵਤੀ ਵੱਲੋਂ ਚੰਡੀਗੜ੍ਹ ਗੱਠਜੋੜ ਦੇ ਰਸਮੀ ਸਮਾਗਮ ਮੌਕੇ ਨਾ ਆਉਣਾ ਗਠਜੋੜ ਨੂੰ ਪਹਿਲਾਂ ਹੀ ਭਵਿੱਖ ਵਿੱਚ ਪੈਦਾ ਹੋਣ ਵਾਲੀ ਤਰੇੜ ਨੂੰ ਜਨਮ ਦਿੰਦੀ ਹੈ। ਅਕਾਲੀ ਆਗੂ ਭੋਮਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਆਪੋ ਆਪਣੀ ਸਟੇਟ ਵਿੱਚ ਅਪੋਜ਼ੀਸ਼ਨ ਵਿੱਚ ਵੀ ਨਹੀਂ ਹਨ | ਸਗੋਂ ਆਖਰੀ ਸਾਹਾਂ ‘ਤੇ ਆਈ. ਸੀ. ਯੂ. ਵਿੱਚ ਹਨ ਤੇ ਫ਼ਿਰ ਇਨ੍ਹਾਂ ਪਾਰਟੀਆਂ ਨੂੰ ਲੋਕ ਸਿਆਸੀ ਜੀਵਨ ਦਾਨ ਕਿਵੇਂ ਦੇ ਸਕਦੇ ਹੈ ?

ਇਹਨਾਂ ਦੋਵਾਂ ਪਾਰਟੀਆਂ ਦੀ ਹਾਲਤ ਇਹ ਹੈ ਕਿ  ਆਪ ਤਾਂ ਡੁਬੇ , ਜਜ਼ਮਾਨ ਵੀ ਲੈ ਡੁਬੇ । ਮਨਜੀਤ ਸਿੰਘ ਭੋਮਾ ਨੇ ਕਿਹਾ  ਜਿਹੜਾ ਵੀ ਪੰਜਾਬ ਵਿੱਚ ਕਾਂਗਰਸ ਤੇ ਬਾਦਲਾਂ ਨਾਲ ਹੱਥ ਮਿਲਾਏਗਾ ਉਹ ਆਪਣੇ ਆਪ ਹੀ ਸਿਆਸੀ ਤੌਰ ‘ਤੇ ਭਸਮ ਹੋ ਜਾਵੇਗਾ ਕਿਉਂਕਿ ਇੱਕ ਬੇਅਦਬੀ ਦਲ ਹੈ ਦੂਸਰਾ ਦੋਸ਼ੀਆਂ ਨੂੰ ਮਾਫ਼ੀ ਦੇਣ ਵਾਲ਼ਾ ਮਾਫ਼ੀ ਦਲ । ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਆਖ਼ਰ ਪੰਜ ਵਾਰ ਪੰਜਾਬ ‘ਤੇ ਰਾਜ ਕਰਨ ਵਾਲੇ ਬਾਦਲਾਂ ਨੂੰ ਫੌੜ੍ਹੀਆਂ ਦੀ ਲੋੜ ਕਿਉਂ ਪੈ ਗਈ ?  ਉਨ੍ਹਾਂ ਕਿਹਾ ਬਾਦਲਾਂ ਦੇ ਰਾਜ਼ ਵਿੱਚ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ , ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ  ਵਾਲੀ ਗੁਰੂ ਦੀ ਖਾਮੋਸ਼ ਲਾਠੀ ਹਾਲੇ ਤਾਂ ਚਲਣੀ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਲੋਕ ਕਚਿਹਰੀ ਵਿੱਚ ਇਹ ਦੋਵੇਂ ਪਾਰਟੀਆਂ ਲੋਕ ਵਿਰੋਧੀ ਸਾਬਤ ਹੋਈਆਂ ਹਨ।

ਪੰਜਾਬ ਦੀ ਆਰਥਕਿਤਾ, ਸਿੱਖਿਆ, ਸਿਹਤ ਸੇਵਾਵਾਂ ਦਾ ਸਭ ਤੋਂ ਵੱਧ ਬੇੜਾ ਗਰਕ ਅਕਾਲੀ ਦਲ ਬਾਦਲ ਤੇ ਬਸਪਾ ਦੇ ਪਹਿਲਾਂ ਹੋਏ ਗਠਜੋੜ ਵਕਤ ਹੋਇਆ ਸੀ। ਪੰਜਾਬ ਅੰਦਰ ਵਗਿਆ ਚਿੱਟੇ ਦੇ ਨਸ਼ੇ ਦਾ ਦਰਿਆ ਦਾ ਮੁੱਢ ਅਕਾਲੀ ਦਲ ਬਾਦਲ ਦੇ ਘਰੋਂ ਸ਼ੁਰੂ ਹੋਇਆ ਜੋ ਹੁਣ ਵੀ ਬਦਸਤੂਰ ਜਾਰੀ ਹੈ।  ਪੰਜਾਬ ਦੀ ਕਿਰਸਾਨੀ ਦੀ ਤਬਾਹੀ ਤੇ ਕਾਰਪੋਰੇਟਸ ਹੱਥਾਂ ਵਿੱਚ ਪੰਜਾਬ ਦੀ ਕਿਰਸਾਨੀ ਵੇਚਣ ਦਾ ਅਣਮਨੁੱਖੀ ਕਾਰਜ ਵੀ ਅਕਾਲੀ ਦਲ ਬਾਦਲ ਦੇ ਭਾਜਪਾ ਨਾਲ ਗਠਜੋੜ ਸਮੇਂ  ਹਿੱਸੇ ਹੀ ਆਇਆ ਹੈਂ। ਹੁਣ ਵੀ ਕਿਸਾਨ ਅੰਦੋਲਨ ਨੂੰ ਬਾਦਲਾਂ ਤੇ ਬਸਪਾ ਨੇ ਢਾਹ ਲਾਉਣ ਦਾ ਕੰਮ ਕੀਤਾ ਹੈ।

ਇਸ ਲਈ ਲੋਕ ਵਿਰੋਧੀ ਅਤੇ ਪੰਜਾਬ ਦੀ ਕਿਰਸਾਨੀ ਤੇ ਆਰਥਿਕਤਾ ਨੂੰ ਡੋਬਣ ਵਾਲੇ ਇਸ ਗਠਜੋੜ ਨੂੰ ਪੰਜਾਬ ਦੇ ਲੋਕ ਕਦੀ ਸਿਆਸੀ ਆਧਾਰ ਨਹੀਂ ਨਹੀਂ ਦੇਣਗੇ। ਉਹਨਾਂ ਕਿਹਾ ਜਿਹਨਾਂ ਸੀਟਾਂ ਤੇ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋਇਆ ਹੈ ਉਥੋਂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 20 ਸੰਭਾਵੀ ਉਮੀਦਵਾਰਾਂ ਨੇ ਅੱਜ ਹੀ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਸਾਧ ਲਿਆ ਹੈ । ਪੰਜਾਬ ਇਸ ਵਾਰ ਚੋਥੇ ਮੰਚ ਨੂੰ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਯੋਗ ਅਗਵਾਈ ਹੇਠ  ਪੰਜਾਬ ਦੇ ਵਿਕਾਸ ਪੱਖੀ ਤੇ ਸਿੱਖ ਕੌਮ ਪੱਖੀ  ਨੀਤੀਆਂ ਨੂੰ ਪੰਜਾਬ ਦੇ ਲੋਕ  ਜਿਤਾਉਣਗੇ। ਜਿਸ ਨਾਲ ਫਰਵਰੀ 2022 ਨੂੰ ਪੰਜਾਬ ਵਿੱਚ ਇੱਕ ਨਵੀਂ ਸਵੇਰ ਚੜ੍ਹੇਗੀ ।

? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

error: Content is protected !!