27 ਜੂਨ ਨੂੰ ਕੰਪਿਊਟਰ ਅਧਿਆਪਕ ਕਰਨਗੇ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਸ ਮਾਰਚ – ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ

27 ਜੂਨ ਨੂੰ ਕੰਪਿਊਟਰ ਅਧਿਆਪਕ ਕਰਨਗੇ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਸ ਮਾਰਚ – ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ

ਸਿੱਖਿਆ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿਚ ਹੋਏ ਫ਼ੈਸਲੇ ਨਾ ਲਾਗੂ ਕਰਨ ਦੇ ਲਗਾਏ ਦੋਸ਼

ਸੰਗਰੂਰ (ਵੀਓਪੀ ਬਿਊਰੋ) ਕੰਪਿਊਟਰ ਫੈਕਲਟੀ ਐਸੋਸੀਏਸ਼ਨ (ਰਜਿ.)  ਪੰਜਾਬ ਦੇ  ਸੂਬਾ ਪ੍ਰਧਾਨ ਪ੍ਰਦੀਪ ਮਲੂਕਾ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਤੇ ਚਰਚਾ ਅਤੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਲਈ ਇੱਕ ਸੂਬਾ ਪੱਧਰੀ ਮੀਟਿੰਗ ਦਾ ਕੀਤੀ ਗਈ।ਮੀਟਿੰਗ ਵਿਚ ਸਮੂਹ ਜਿਲ੍ਹਾ ਪ੍ਰਧਾਨਾਂ ਅਤੇ ਕਮੇਟੀ ਮੈਬਰਾਂ ਦੀ ਸਲਾਹ ਮਗਰੋਂ ਇਹ ਫੈਸਲਾ ਲਿਆ ਗਿਆ ਕਿ ਸਰਕਾਰ ਦੁਆਰਾ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸਾਹੀ ਅਤੇ ਵਾਅਦਾ ਖਿਲਾਫੀ ਦੇ ਵਿਰੁੱਧ ਪੰਜਾਬ ਭਰ ਦੇ 7000 ਕੰਪਿਊਟਰ ਅਧਿਆਪਕ 27 ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਸ ਮਾਰਚ ਕਰਨਗੇ ਅਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਦੇ ਰਹਿਣਗੇ।

ਅੱਗੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਵੀਰ ਸਿੰਘ ਸਾਨੀਪੁਰ ਨੇ ਦੱਸਿਆ ਕਿ ਫਰਵਰੀ 2020 ਨੂੰ ਐਸੋਸੀਏਸ਼ਨ ਦੀ ਇੱਕ ਪੈਨਲ ਮੀਟਿੰਗ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ, ਡੀ.ਪੀ.ਆਈ.(ਸੈ.ਸਿ) ਅਤੇ ਡੀ.ਜੀ.ਐੱਸ.ਈ. ਪੰਜਾਬ ਨਾਲ ਹੋਈ ਸੀ। ਜਿਸ ਵਿਚ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ  ਨੂੰ ਜਾਇਜ਼ ਦੱਸਦੇ ਹੋਏ ਮੰਗਾਂ ਨੂੰ ਇੱਕ ਮਹੀਨੇ ਦੇ ਅੰਦਰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਲਗਭਗ 1 ਸਾਲ ਤੋਂ ਵੱਧ ਦਾ ਲੰਬਾ ਸਮਾਂ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾ ਦੱਸਿਆ ਕਿ ਮੌਜੂਦਾ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਜਾਰੀ ਕੀਤੇ ਨਿਯੁਕਤੀ ਪੱਤਰ ਅਤੇ ਮੰਤਰੀ ਪ੍ਰੀਸ਼ਦ ਵੱਲੋਂ ਲਏ  ਗਏ ਫ਼ੈਸਲੇ ਲਾਗੂ ਕਰਨ ਤੋਂ ਮੁਨਕਰ ਹੋ  ਰਹੀਂ ਹੈ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਪਿਛਲੇ ਲਗਭਗ 10 ਸਾਲਾਂ ਤੋਂ ਮਤਰੇਈ ਮਾਂ ਵਾਲ਼ਾ ਸਲੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 2011 ਵਿਚ ਪਿਛਲੀ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਪੰਜਾਬ ਸਿਵਲ ਸਰਵਿਸਿਜ਼ ਅਤੇ ਵੋਕੇਸ਼ਨਲ ਮਾਸਟਰ ਗ੍ਰੇਡ ਨਾਲ ਰੈਗੂਲਰ ਕਰ ਦਿੱਤੀਆਂ ਸਨ ਪਰੰਤੂ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਮਿਲਣ ਵਾਲੇ ਲਾਭ ਜਿਵੇਂ ਕਿ ਅੰਤਰਿਮ ਰਾਹਤ, ਮੈਡੀਕਲ ਰੀਇੰਬਰਸਮੈਂਟ, ਸੀਨੀਅਰਤਾ ਸੂਚੀ,  ਪੈਨਸ਼ਨ ਸਕੀਮ, ਪ੍ਰਮੋਸ਼ਨ ਚੈਨਲ ਅਤੇ ਤਰਸ ਦੇ ਅਧਾਰ ਤੇ ਨੌਕਰੀਆਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਇਸ ਮੁਲਾਜ਼ਮ ਵਿਰੋਧੀ ਸਰਕਾਰ ਖਿਲਾਫ ਭਾਰੀ ਰੋਸ ਹੈ।ਉਨ੍ਹਾ ਮੰਗ ਕੀਤੀ ਕਿ ਜਲਦ ਹੀ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਮੁਲਜਾਮਾਂ ਵਾਲੇ ਸਾਰੇ ਲਾਭ ਲਾਗੂ ਕੀਤੇ ਜਾਣ।

ਹੋਰਨਾਂ ਤੋ ਇਲਾਵਾ ਇਸ ਮੌਕੇ ਇਸ ਮੌਕੇ ਐਸੋਸੀਏਸ਼ਨ ਦੇ ਆਗੂ ਜਸਪਾਲ ਲੁਧਿਆਣਾ, ਗੁਰਜੀਤ ਸਿੰਘ ਵਿਰਦੀ ਫਤਹਿਗੜ੍ਹ ਸਾਹਿਬ, ਨਵਤੇਜ ਗਿੱਲ ਮੋਹਾਲੀ, ਜਗਪਾਲ ਸਿੰਘ ਰੋਪੜ, ਹਰਚਰਨ ਬਠਿੰਡਾ, ਨਰਿੰਦਰ ਕੁਮਾਰ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਜਤਿੰਦਰ ਸੋਢੀ,ਨਿਰਮਲ ਬਰਨਾਲਾ, ਸਤਵਿੰਦਰ ਗਰੋਵਰ ਫ਼ਰੀਦਕੋਟ,ਜਤਿੰਦਰ ਸਮੱਧਰ ਸ਼੍ਰੀ ਮੁਕਤਸਰ ਸਾਹਿਬ,ਵਿਸ਼ੂ ਫਾਜਿਲਕਾ, ਹਾਜ਼ਰ ਸਨ।

error: Content is protected !!