ਪੰਜਾਬ ਦੀਆਂ ਦੋ ਹਾਕੀ ਖਿਡਾਰਣਾਂ ਸੀਨੀਅਰ ਭਾਰਤੀ ਕੈਂਪ ‘ਚ ਤੇ 6 ਖਿਡਾਰਣਾਂ ਜੂਨੀਅਰ ਭਾਰਤੀ ਕੈਂਪ ‘ਚ – ਪਰਗਟ ਸਿੰਘ

ਪੰਜਾਬ ਦੀਆਂ ਦੋ ਹਾਕੀ ਖਿਡਾਰਣਾਂ ਸੀਨੀਅਰ ਭਾਰਤੀ ਕੈਂਪ ‘ਚ ਤੇ 6 ਖਿਡਾਰਣਾਂ ਜੂਨੀਅਰ ਭਾਰਤੀ ਕੈਂਪ ‘ਚ – ਪਰਗਟ ਸਿੰਘ

ਜਲੰਧਰ (ਵੀਓਪੀ ਬਿਊਰੋ) – ਇਹ ਪਹਿਲਾ ਮੌਕਾ ਹੈ ਜਦੋਂ ਹਾਕੀ ਪੰਜਾਬ ਨੇ ਉਲੰਪਿਕ ਖੇਡਾਂ, ਜੋ ਕਿ ਟੋਕਿਓ (ਜਾਪਾਨ) ਵਿਖੇ ਸ਼ੁਰੂ ਹੋਣ ਜਾ ਰਹੀਆਂ ਹਨ ਵਿੱਚ ਭਾਗ ਲੈਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ 10 ਖਿਡਾਰੀ ਦਿੱਤੇ ਹਨ ਉਥੇ ਹੀ ਇਕ ਮਹਿਲਾ ਹਾਕੀ ਖਿਡਾਰਣ ਗੁਰਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਉਲੰਪਿਕ ਖੇਡਾਂ ਵਿੱਚ ਭਾਗ ਲਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਜਨਰਲ ਸਕੱਤਰ ਉਲੰਪੀਅਨ ਪਰਗਟ ਸਿੰਘ ਅਤੇ ਹਾਕੀ ਪੰਜਾਬ ਦੀ ਮਹਿਲਾ ਵਿੰਗ ਦੀ ਮੁੱਖੀ ਪ੍ਰਿੰਸੀਪਲ ਡਾਕਟਰ ਅਜੇ ਸਰੀਨ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਹਾਕੀ ਪੰਜਾਬ ਵਲੋਂ ਜਿਥੇ ਮਰਦਾਂ ਦੀ ਹਾਕੀ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਥੇ ਨਾਲ ਹੀ ਮਹਿਲਾ ਹਾਕੀ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1980 ਮਾਸਕੋ ਉਲੰਪਿਕ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੀ ਖਿਡਾਰਣ ਗੁਰਜੀਤ ਕੌਰ, ਉਲੰਪਿਕ ਵਿੱਚ ਭਾਗ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਬਣੀ ਹੈ, ਜੋ ਕਿ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ।

ਇਸਦੇ ਨਾਲ ਹੀ ਰਾਜਵਿੰਦਰ ਕੌਰ ਵੀ ਬੈਂਗਲੁਰੂ ਵਿਖੇ ਭਾਰਤੀ ਸੀਨੀਅਰ ਮਹਿਲਾ ਹਾਕੀ ਕੈਂਪ ਵਿੱਚ ਭਾਗ ਲੈ ਰਹੀ ਹੈ। ਇਨ੍ਹਾਂ ਤੋਂ ਇਲਾਵਾ ਹਾਕੀ ਪੰਜਾਬ ਦੀਆਂ 6 ਹੋਰ ਖਿਡਾਰਣਾਂ ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਵਿੱਚ ਭਾਗ ਲੈ ਰਹੀਆਂ ਹਨ। ਜਿਨ੍ਹਾਂ ਵਿੱਚ ਬਲਜੀਤ ਕੌਰ, ਜੋ ਕਿ ਯੂਥ ਉਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ।

ਉਸ ਤੋਂ ਇਲਾਵਾ ਗੋਲਕੀਪਰ ਰਸ਼ਨਪ੍ਰੀਤ ਕੌਰ ਵੀ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਚਾਰ ਹੋਰ ਖਿਡਾਰਣਾਂ ਜੋਯਤਿਕਾ ਕਲਸੀ, ਗੁਰਮੇਲ ਕੌਰ, ਕਿਰਨਦੀਪ ਕੌਰ ਅਤੇ ਪਰਨੀਤ ਕੌਰ ਵੀ ਬੈਂਗਲੁਰੂ ਵਿਖੇ ਜੂਨੀਅਰ ਭਾਰਤੀ ਮਹਿਲਾ ਹਾਕੀ ਕੈਂਪ ਵਿੱਚ ਟਰੇਨਿੰਗ ਪ੍ਰਾਪਤ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਹਾਕੀ ਪੰਜਾਬ ਸੰਸਥਾ ਆਪਣੇ ਪੱਧਰ ਤੇ ਮਹਿਲਾ ਹਾਕੀ ਨੂੰ ਪ੍ਰਫੂਲਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਜੋ ਸਹਿਯੋਗ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ, ਕਈ ਖੇਡ ਸੈਂਟਰ ਬੰਦ ਕਰ ਦਿੱਤੇ ਗਏ ਹਨ, ਜਿਸ ਕਰਕੇ ਮਹਿਲਾ ਹਾਕੀ ਖਿਡਾਰਣਾਂ ਵਿੱਚ ਕਾਫੀ ਰੋਸ ਹੈ।

error: Content is protected !!