ਨੈਣਾ ਦੇਵੀ ਮੱਥਾ ਟੇਕ ਕੇ ਆ ਰਹੇ ਸਨ ਵਾਪਸ, ਨਹਾਉਣ ਲਈ ਭਾਖੜਾ ਨਹਿਰ ‘ਚ ਲਾਈ ਡੁੱਬਕੀ ਤਾਂ ਰੁੜ ਗਏ 2 ਨੌਜਵਾਨ…

ਨੈਣਾ ਦੇਵੀ ਮੱਥਾ ਟੇਕ ਕੇ ਆ ਰਹੇ ਸਨ ਵਾਪਸ, ਨਹਾਉਣ ਲਈ ਭਾਖੜਾ ਨਹਿਰ ‘ਚ ਲਾਈ ਡੁੱਬਕੀ ਤਾਂ ਰੁੜ ਗਏ 2 ਨੌਜਵਾਨ…

ਵੀਓਪੀ ਬਿਊਰੋ – ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਸਮੇਂ ਦੀ ਸਭ ਤੋਂ ਦੁੱਖਦਾਈ ਖਬਰ ਸਾਹਮਣੇ ਆਈ ਹੈ। ਸ੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 2 ਨੌਜਵਾਨ ਜਦ ਨਹਾਉਣ ਲਈ ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਮਲੈਹਡ਼ੀ ਵਿਖੇ ਭਾਖਡ਼ਾ ਹਾਈਡਲ ਨਹਿਰ ਵਿਖੇ ਗਏ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਦੋਵਾਂ ਨੌਜਵਾਨਾਂ ਦੀ ਪਛਾਣ ਗਗਨਦੀਪ ਸਿੰਘ (17) ਪੁੱਤਰ ਸੁਰਿੰਦਰ ਸਿੰਘ ਵਾਸੀ ਜ਼ਿਲ੍ਹਾ ਜਲੰਧਰ ਤੇ ਤਰੁਨਦੀਪ ਸਿੰਘ ਉਮਰ (18) ਵਾਸੀ ਸ਼ੇਰਗਡ਼੍ਹ ਤਹਿ. ਬਸੀ ਪਠਾਣਾ, ਜ਼ਿਲ੍ਹਾ ਫ਼ਤਹਿਗਡ਼੍ਹ ਸਾਹਿਬ ਵਜੋਂ ਹੋਈ ਹੈ। ਗੋਤਾਖੋਰ ਨੌਜਵਾਨਾਂ ਦੀ ਭਾਲ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਮਲੈਹਡ਼ੀ ਵਿਖੇ ਭਾਖਡ਼ਾ ਹਾਈਡਲ ਨਹਿਰ ਵਿਚ ਗਗਨਦੀਪ ਸਿੰਘ ਨੇ ਨਹਾਉਣ ਲਈ ਨਹਿਰ ਦੇ ਤੇਜ਼ ਪਾਣੀ ’ਚ ਛਾਲ ਮਾਰ ਦਿੱਤੀ, ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਰੁਡ਼੍ਹਣ ਲੱਗ ਪਿਆ। ਇਸ ਮੌਕੇ ਉਸ ਦੇ ਦੋਸਤ ਤਰੁਨਦੀਪ ਸਿੰਘ ਨੇ ਉਸਸ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ਨਾਲ ਰੁੜ ਗਿਆ। ਇਸ ਦੌਰਾਨ ਨੇੜੇ ਦੇ ਲੋਕਾਂ ਨੇ ਉਹਨਾਂ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜਦੇ ਗਏ।

ਇਸ ਦੌਰਾਨ ਮੌਕੇ ’ਤੇ ਪਹੁੰਚੇ ਵਧੀਕ ਥਾਣਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਗੋਤਾਂਖੋਰਾਂ ਦੀ ਟੀਮ ਵੀ ਬੁਲਾਈ ਗਈ ਹੈ। ਪਰ ਨਹਿਰ ਦਾ ਪਾਣੀ ਗੰਦਲਾ ਹੋਣ ਕਰਕੇ ਮੁਸ਼ਕਲ ਪੇਸ਼ ਆ ਰਹੀ ਹੈ। ਪਰ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲਗਾਤਾਰ ਭਾਲ ਜਾਰੀ ਹੈ ਪਰ ਅਜੇ ਤਕ ਨਹਿਰ ’ਚ ਡੁੱਬੇ ਨੌਜਵਾਨਾਂ ਦਾ ਕੋਈ ਪਤਾ ਨਹੀਂ ਲੱਗਾ।

error: Content is protected !!