ਪੁਲਿਸ ਚੌਕੀ ‘ਤੇ ਹਮਲਾ ਕਰ ਕੇ ਨਸ਼ਾ ਤਸਕਰ ਨੂੰ ਛੁਡਾ ਕੇ ਲੈ ਗਏ ਪਿੰਡ ਵਾਸੀ, ਪੁਲਿਸ ਮੁਲਾਜ਼ਮਾਂ ਦਾ ਵੀ ਚਾੜ ਗਏ ਕੁੱਟਾਪਾ…

ਪੁਲਿਸ ਚੌਕੀ ‘ਤੇ ਹਮਲਾ ਕਰ ਕੇ ਨਸ਼ਾ ਤਸਕਰ ਨੂੰ ਛੁਡਾ ਕੇ ਲੈ ਗਏ ਪਿੰਡ ਵਾਸੀ, ਪੁਲਿਸ ਮੁਲਾਜ਼ਮਾਂ ਦਾ ਵੀ ਚਾੜ ਗਏ ਕੁੱਟਾਪਾ…

ਵੀਓਪੀ ਬਿਊਰੋ – ਅੰਮ੍ਰਿਤਸਰ ਜਿਲ਼ੇ ਦੀ ਇਕ ਪੁਲਿਸ ਚੌਕੀ ਵਿਚ ਰਾਤ ਦੇ ਸਮੇਂ ਕੁਝ ਲੋਕਾਂ ਨੇ ਹਮਲਾ ਕਰ ਕੇ ਉੱਥੇ ਬੰਦ ਹਵਾਲਾਤੀ ਨੂੰ ਆਪਣੇ ਨਾਲ ਭਜਾ ਲਿਆ। ਇਸ ਦੌਰਾਨ ਘਟਨਾ ਦੀ ਸਾਰੀ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਉੱਪਰ ਤਰਹਾਂ-ਤਰਹਾਂ ਦੇ ਮੀਮਸ ਬਣਾ ਰਹੇ ਹਨ। ਉਕਤ ਘਟਨਾ ਅੰਮ੍ਰਿਤਸਰ ਜਿਲ਼ੇ ਕਸਬਾ ਕੱਥੇਨੰਗਲ ਥਾਣੇ ਦੇ ਅਧੀਨ ਪੈਂਦੀ ਪੁਲਿਸ ਚੌਕੀ ਚਵਿੰਡਾ ਦੇਵੀ ਦੀ ਹੈ। ਘਟਨਾ ਤੋਂ ਬਾਅਦ ਸਬੰਧਤ ਡੀਐੱਸਪੀ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਜਾਣਕਾਰੀ ਮੁਤਾਬਕ ਸਥਾਨਕ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਤਹਿਤ ਅਕਾਸ਼ਦੀਪ ਸਿੰਘ ਵਾਸੀ ਚਵਿੰਡਾ ਦੇਵੀ ਨੂੰ 9 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਉਕਤ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਹਵਾਲਾਤ ਵਿਚ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਜਦ ਰਾਤ ਹੋਈ ਤਾਂ ਪੁਲਿਸ ਚੌਕੀ ਵਿਚ ਸਿਰਫ 4 ਪੁਲਿਸ ਮੁਲਾਜ਼ਮ ਹੀ ਰਹਿ ਗਏ। ਇਸ ਦੌਰਾਨ ਪਿੰਡ ਦੇ ਕੁਝ ਲੋਕ ਇਕੱਠੇ ਹੋ ਕੇ ਆਏ ਅਤੇ ਉਹਨਾਂ ਨੇ ਪੁਲਿਸ ਚੌਕੀ ਉੱਥੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਮੁਤਾਬਕ 4 ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ ਅਤੇ ਪਿੰਡ ਵਾਸੀ ਉਕਤ ਹਵਾਲਾਤੀ ਨੂੰ ਆਪਣੇ ਨਾਲ ਭਜਾ ਕੇ ਲਏ ਗਏ।

ਘਟਨਾ ਤੋਂ ਬਾਅਦ ਡੀਐੱਸਪੀ ਮਜੀਠਾ ਮਨਮੋਹਨ ਸਿੰਘ ਨੇ ਹਵਾਲਾਤੀ ਨੂੰ ਭਜਾਉਣ ਵਾਲਿਆਂ ਖਿਲਾਫ ਕਾਰਵਾਈ ਦੇ ਆਦੇਸ਼ ਦੇ ਦਿੱਤੇ ਹਨ ਅਤੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਮੁਲਜ਼ਮ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ ਅਤੇ ਇਸ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਕਿ ਇਹ ਨਸ਼ਾ ਉਹ ਕਿੱਥੋਂ ਲੈ ਕੇ ਆਉਂਦਾ ਹੈ ਪਰ ਉਕਤ ਲੋਕਾਂ ਨੇ ਅਜਿਹਾ ਕਰ ਕੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲਿਆ ਹੈ ਅਤੇ ਹੁਣ ਸਖਤ ਤੋਂ ਸਖਤ ਕਾਰਵਾਈ ਕਰ ਕੇ ਉਕਤ ਸਾਰੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜਾ ਦਿਵਾਈ ਜਾਵੇਗੀ।

ਦੂਜੇ ਪਾਸੇ ਇਸ ਸਬੰਧੀ ਪਿੰਡ ਵਾਲਿਆਂ ਨੇ ਕਿਹਾ ਕਿ ਅਕਾਸ਼ਦੀਪ ਨਸ਼ਾ ਨਹੀਂ ਵੇਚਦਾ, ਖਰੀਦਦਾ ਹੈ। ਉਹਨਾਂ ਨੇ ਕਿਹਾ ਕਿ ਉਹ ਨਸ਼ੇ ਕਰਨ ਵਾਲੇ ਨੂੰ ਨਹੀਂ ਸਗੋਂ ਵੇਚਣ ਵਾਲਿਆਂ ਨੂੰ ਫੜਨ ਪਰ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਨਾ ਫੜ ਕੇ ਇਕ ਮਰੀਜ਼ ਨੂੰ ਹੀ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ।

error: Content is protected !!