ਵਿਦੇਸ਼ ਜਾਣ ਦੀ ਚਾਹਤ ਲੈ ਕੇ ਨੌਜਵਾਨ ਆਇਆ ਈਮੀ ਗਰੁੱਪ ਕੰਸਲਟੈਂਟ ਕੋਲ, ਉਨ੍ਹਾਂ ਅੱਗਿਓ 5 ਲੱਖ ਲੈ ਕੇ ਫੜਾ ਦਿੱਤਾ ਜਾਅਲੀ ਵੀਜਾ…

ਵਿਦੇਸ਼ ਜਾਣ ਦੀ ਚਾਹਤ ਲੈ ਕੇ ਨੌਜਵਾਨ ਆਇਆ ਈਮੀ ਗਰੁੱਪ ਕੰਸਲਟੈਂਟ ਕੋਲ, ਉਨ੍ਹਾਂ ਅੱਗਿਓ 5 ਲੱਖ ਲੈ ਕੇ ਫੜਾ ਦਿੱਤਾ ਜਾਅਲੀ ਵੀਜਾ…

ਜਲੰਧਰ (ਵੀਓਪੀ ਬਿਊਰੋ) ਪੰਜਾਬੀਆਂ ਨੂੰ ਵਿਦੇਸ਼ ਜਾਣ ਦੀ ਅਜਿਹੀ ਲੱਤ ਲੱਗੀ ਹੋਈ ਹੈ ਕਿ ਇਸ ਦਾ ਫਾਇਦਾ ਕੁਝ ਠੱਗ ਲੋਕ ਚੁੱਕਦੇ ਹਨ। ਵਿਦੇਸ਼ ਭੇਜਣ ਦੇ ਨਾਂ ਉੱਤੇ ਕਿਸੇ ਕੋਲੋਂ ਮੋਟਾ ਪਾਸੇ ਹੜੱਪਦੇ ਹਨ ਅਤੇ ਫਿਰ ਉਸ ਨੂੰ ਲਾਰੇ ਲਾ ਕੇ ਅੱਗੇ ਪਿੱਛੇ ਘੁੰਮਾਉਂਦੇ ਰਹਿੰਦੇ ਹਨ ਅਤੇ ਜਦੋਂ ਅੱਗੇ ਵਾਲਾ ਤੰਗ ਆ ਕੇ ਜਿਆਦਾ ਹੀ ਪੁੱਛਗਿੱਛ ਕਰਦਾ ਹੈ ਤਾਂ ਫਿਰ ਉਸ ਨੂੰ ਜਾਅਲੀ ਵੀਜਾ ਫੜਾ ਕੇ ਕਿਸੇ ਜੋਗਾ ਨਹੀਂ ਛੱਡਦੇ। ਅਜਿਹਾ ਹੀ ਇਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਸ਼ਹਿਰ ਤੋਂ ਜਿੱਥੇ ਥਾਂ-ਥਾਂ ਬਾਹਰ ਭੇਜਣ ਦੇ ਨਾਂ ਉੱਪਰ ਦੁਕਾਨਾਂ ਖੋਲ੍ਹ ਕੇ ਬੈਠੇ ਠੱਗਾਂ ਨੇ ਫਤਿਹਗੜ੍ਹ ਸਾਹਿਬ ਦੇ ਭੋਲੇ-ਭਾਲੇ ਇਕ ਵਿਅਕਤੀ ਨੂੰ 5 ਲੱਖ ਰੁਪਏ ਦਾ ਚੂਨਾ ਲਾ ਦਿੱਤਾ ਹੈ।

ਜਾਣਕਾਰੀ ਮੁਤਾਬਕ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪਿੰਡ ਰਿਉਨਨ ਨਵਾਂ ਦੇ ਰਹਿਣ ਵਾਲੇ ਤਰਨਪ੍ਰੀਤ ਸਿੰਘ ਨੂੰ ਵਿਦੇਸ਼ ਵਿਚ ਜਾ ਕੇ ਕੰਮ ਕਰਨਾ ਸੀ ਅਤੇ ਆਪਣੇ ਘਰ ਵਿੱਚੋਂ ਗਰੀਬੀ ਦਾ ਦੈਂਤ ਕੱਢਣਾ ਸੀ। ਇਸ ਲਈ ਉਸ ਨੇ ਯੂਰਪ ਜਾਣ ਲਈ ਕਿਸੇ ਵਧੀਆਂ ਏਜੰਟ ਨਾਲ ਸੰਪਰਕ ਕਰਨ ਦੇ ਇਰਾਦੇ ਨਾਲ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਮੁਲਾਕਾਤ ਜਲੰਧਰ ਵਿਖੇ ਕੇਸਰ ਪੈਟਰੋਲ ਪੰਪ ਦੇ ਨਾਲ ਲੱਗਦੇ ਸਿਟੀ ਸਕੇਅਰ ਸੈਂਟਰ ਵਿੱਚ ਸਥਿਤ ਈਮੀ ਗਰੁੱਪ ਕੰਸਲਟੈਂਟ ਦੇ ਸੀਈਓ ਕਮ ਏਜੰਟ ਨਾਲ ਹੋਈ। ਉਹਨਾਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਸਾਜਬਾਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਉਹ ਉਸ ਦਾ ਯੂਰਪ ਦੇ ਦੇਸ਼ ਪੁਰਤਗਾਲ ਦਾ ਵੀਜਾ ਲਗਵਾ ਕੇ ਦੇ ਸਕਦੇ ਹਨ। ਇਸ ਦੌਰਾਨ ਤਰਨਪ੍ਰੀਤ ਸਿੰਘ ਦੀ ਵੀ ਆਸ ਬੱਝੀ ਕਿ ਉਹ ਹੁਣ ਜਲਦ ਹੀ ਵਿਦੇਸ਼ ਜਾ ਕੇ ਆਪਣੇ ਘਰ ਦੀ ਵਿੱਤੀ ਹਾਲਤ ਸੁਧਾਰ ਦੇਵੇਗਾ।

ਇਸ ਦੌਰਾਨ ਉਸ ਨੇ 5 ਲੱਖ ਰੁਪਏ ਦਾ ਇੰਤਜਾਮ ਕਰ ਕੇ ਈਮੀ ਗਰੁੱਪ ਕੰਸਲਟੈਂਟ ਦੇ ਸੀਈਓ ਸੰਜੇ ਸ਼ਰਮਾ ਦੇ ਦਫਤਰ ਜਮ੍ਹਾਂ ਕਰਵਾ ਦਿੱਤਾ। ਉਹਨਾਂ ਨੇ ਉਕਤ ਪੀੜਤ ਦੇ ਦਸਤਾਵੇਜ਼ ਲੈ ਕੇ ਕਿਹਾ ਕਿ ਉਹ ਜਲਦ ਹੀ ਉਸ ਦਾ ਵਿਦੇਸ਼ ਲਈ ਵੀਜਾ ਲਗਵਾ ਦੇਣਗੇ। ਇਸ ਤੋਂ ਬਾਅਦ ਉਹ ਜਦ ਵੀ ਉਕਤ ਏਜੰਟ ਨੂੰ ਆਪਣੇ ਵਿਦੇਸ਼ ਦੇ ਵੀਜੇ ਬਾਰੇ ਪੁੱਛਦੇ ਤਾਂ ਕੋਈ ਨਾ ਕੋਈ ਬਹਾਨਾ ਲਾ ਕੇ ਉਸ ਨੂੰ ਟਾਲ ਦਿੱਤਾ ਜਾਂਦਾ। ਇਸ ਤੋਂ ਬਾਅਦ ਜਦ ਉਹਨਾਂ ਨੇ ਵੀਜੇ ਲਈ ਉਹਨਾਂ ਉੱਪਰ ਜਿਆਦਾ ਹੀ ਦਬਾਅ ਪਾਇਆ ਤਾਂ ਉਹਨਾਂ ਨੇ ਉਸ ਨੂੰ ਜਾਅਲੀ ਵੀਜਾ ਫੜਾ ਦਿੱਤਾ, ਜਿਸ ਦਾ ਪਤਾ ਉਹਨਾਂ ਨੂੰ ਜਾਂਚ ਕਰਵਾਉਣ ਉੱਤੇ ਲੱਗਾ। ਉਕਤ ਘਟਨਾ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਨਿਕਲ ਗਈ ਅਤੇ ਉਹਨਾਂ ਦੇ ਸਾਰੇ ਸੁਪਨੇ ਟੁੱਟ ਗਏ।

ਆਪਣੇ ਨਾਲ ਹੋਈ ਠੱਗੀ ਤੋਂ ਬਾਅਦ ਉਹਨਾਂ ਨੇ ਇਸ ਸੰਬਧੀ 28 ਮਈ ਨੂੰ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤਾ ਅਤੇ ਆਪਣੇ ਨਾਲ ਹੋਈ ਬੇਇਨਸਾਫੀ ਲਈ ਨਿਆਂ ਦੀ ਮੰਗ ਕੀਤੀ। ਉਸ ਤੋਂ ਬਾਅਦ ਕਮਿਸ਼ਨਰੇਟ ਦੇ ਆਰਥਿਕ ਅਪਰਾਧ ਸ਼ਾਖਾ ਦੁਆਰਾ ਦੋ ਮਹੀਨਿਆਂ ਦੀ ਜਾਂਚ ਤੋਂ ਬਾਅਦ, ਈਮੀ ਗਰੁੱਪ ਕੰਸਲਟੈਂਟ ਦੇ ਸੀਈਓ ਸੰਜੇ ਸ਼ਰਮਾ ਵਿਰੁੱਧ ਆਈਪੀਸੀ ਦੀ ਧਾਰਾ 406, 420, 467, 468 ਅਤੇ 471 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ।

error: Content is protected !!