ਹਿੰਦ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਮਨਾਇਆ ਗਿਆ



👉ਵੱਖ-ਵੱਖ ਸੂਬਿਆਂ ਤੋਂ ਆਏ ਵਣਜਾਰਾ ਸਮਾਜ ਦੇ ਕਲਾਕਾਰਾਂ ਵੱਲੋਂ ਆਪਣੀ ਸਭਿਅਤਾ ਨਾਲ ਜੁੜੇ ਕਈ ਸਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ
ਨਵੀਂ ਦਿੱਲੀ, 10 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਹਿੰਦ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖਿਲ ਭਾਰਤੀ ਵਣਜਾਰਾ ਸਮਾਜ ਦੇ ਸਹਿਯੋਗ ਨਾਲ ਭਾਈ ਲੱਖੀਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਵੱਡੇ ਪੱਧਰ ’ਤੇ ਮਨਾਇਆ ਗਿਆ । ਦਿਨ ਭਰ ਚੱਲੇ ਸਮਾਗਮ ਦੀ ਅਰੰਭਤਾ ਸਵੇਰੇ ਹੋਈ ਜਿਸ ’ਚ ਕਰਨਾਟਕਾ, ਰਾਜਸਥਾਨ ਸਣੇ ਵੱਖ-ਵੱਖ ਸੂਬਿਆਂ ਤੋਂ ਆਏ ਵਣਜਾਰਾ ਸਮਾਜ ਦੇ ਕਲਾਕਾਰਾਂ ਵੱਲੋਂ ਆਪਣੀ ਸਭਿਅਤਾ ਨਾਲ ਜੁੜੇ ਕਈ ਸਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ । ਪਟਿਆਲਾ ਯੂਨੀਵਰਸਿਟੀ ਪੰਜਾਬ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਕਾਲ ’ਤੇ ਆਧਾਰਿਤ ਪੇਸ਼ਕਾਰੀ ਇਸ ਸਮਾਗਮ ਦਾ ਮੁੱਖ ਆਕਰਸ਼ਣ ਦਾ ਕੇਂਦਰ ਰਹੀ, ਜਿਸ ’ਚ ਕਈ ਕਲਾਕਾਰਾਂ ਵੱਲੋਂ ਆਪਣੇ ਅਭਿਨੈ ਦੇ ਮਾਧਿਅਮ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਔਰੰਗਜ਼ੇਬ ਦੇ ਹੁਕਮਾਂ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ’ਚ ਸ਼ਹੀਦ ਕੀਤੇ ਜਾਣ ਅਤੇ ਇਸ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਸਾਹਿਬ ਦੀ ਪਾਵਨ ਦੇਹ ਨੂੰ ਰੂਈ ਦੇ ਗੱਡੇ ’ਚ ਲੁਕੋ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਆਪਣੇ ਘਰ ਤਕ ਲਿਆਉਣ ਅਤੇ ਇਥੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੀ ਪਾਵਨ ਦੇਹ ਦਾ ਅੰਤਮ ਸਸਕਾਰ ਕੀਤੇ ਜਾਣ ਨੂੰ ਦਰਸ਼ਾਇਆ ਗਿਆ ਸੀ । ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਿਹਤ ਖਰਾਬ ਹੋਣ ਕਾਰਨ ਸਮਾਗਮ ’ਚ ਹਾਜ਼ਰੀ ਨਹੀਂ ਭਰ ਸਕੇ ਅਤੇ ਉਨ੍ਹਾਂ ਦੀ ਜਗ੍ਹਾ ਭਾਈ ਲੱਖੀ ਸ਼ਾਹ ਵਣਜਾਰਾ ਪ੍ਰਤੀ ਸੰਦੇਸ਼ ਲੈ ਕੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਸ਼ਿਰਕਤ ਕੀਤੀ ।
ਇਸ ਮੌਕੇ ਜੀ. ਕਿਸ਼ਨ ਰੇਡੀ ਕੇਂਦਰੀ ਮੰਤਰੀ ਨੇ ਸੰਬੋਧਨ ਕਰਦੇ ਹੋਏ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸਮਾਜ ਵੱਲੋਂ ਦੁਨੀਆਂ ਭਰ ’ਚ ਮਨੁੱਖਤਾ ਦੀ ਸੇਵਾ ਕਰਨ ਦੀ ਸ਼ਲਾਘਾ ਕੀਤੀ । ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਮੁਗਲ ਹਕੂਮਤ ਵੱਲੋਂ ਜਬਰੀ ਧਰਮ ਬਦਲੀ ਖਿਲਾਫ ਲੜਾਈ ਹਰ ਮੈਦਾਨ ’ਚ ਸਿੱਖ ਕੌਮ ਨੇ ਡੱਟ ਕੇ ਸਾਹਮਣਾ ਕੀਤਾ ਅਤੇ ਸ਼ਹਾਦਤਾਂ ਦਿੱਤੀਆਂ ਹਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਕੀਤੀ ਸੇਵਾ ਨੂੰ ਨਮਨ ਕਰਦਿਆਂ ਦੱਸਿਆ ਕਿ ਵਣਜਾਰਾ ਸਮਾਜ ਸ਼ੁਰੂ ਤੋਂ ਹੀ ਸਿੱਖ ਗੁਰੂ ਸਾਹਿਬਾਨ ਦਾ ਸ਼ਰਧਾਲੂ ਰਿਹਾ ਹੈ ਅਤੇ ਸਿੱਖ ਧਰਮ ਦੀ ਆਸਥਾ ਦਾ ਸਤਿਕਾਰ ਕਰਦਾ ਹੈ । ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਣਜਾਰਾ ਸਮਾਜ ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਖੇਤਰ ’ਚ ਹਮੇਸ਼ਾਂ ਸਹਿਯੋਗ ਦਿੰਦੀ ਰਹੇਗੀ । ਸ. ਕਾਲਕਾ ਨੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ 444ਵਾਂ ਜਨਮ ਦਿਹਾੜਾ ਇੰਨੇ ਵੱਡੇ ਪੱਧਰ ’ਤੇ ਮਨਾਉਣ ਲਈ ਹਿੰਦ ਸਰਕਾਰ ਦਾ ਵੀ ਧੰਨਵਾਦ ਕੀਤਾ ।

