ਯੂਕੇ੍ਰਨ-ਰੂਸ ਦੀ ਜੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ’ਤੇ ਰੱਖ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਸਿਮਰਨ ਸਿੰਘ ਦਾ ਦਿੱਲੀ ਕਮੇਟੀ ਵੱਲੋਂ ਹੋਇਆ ਸਨਮਾਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਯੂਕ੍ਰੇਨ-ਰੂਸ ’ਚ ਜਾਰੀ ਭਿਆਨਕ ਜੰਗ ਅਤੇ ਬੰਮਬਾਰੀ ਵਿਚਾਲੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕ੍ਰੇਨ ਦੇ ਗੁਰਦੁਆਰੇ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਅਮਰੀਕਨ ਸਿੱਖ ਸਿਮਰਨ ਸਿੰਘ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਰਾਜ ਸਭਾ ਸਾਂਸਦ ਸ. ਤਰਲੋਚਨ ਸਿੰਘ, ਆਰ.ਐਸ. ਆਹੂਜਾ ਚੇਅਰਮੈਨ ਸਿੱਖ ਫੌਰਮ ਅਤੇ ਡੀਐਸਜੀਐਮਸੀ ਦੇ ਕਈ ਮੈਂਬਰ ਵੀ ਮੌਜ਼ੂਦ ਸਨ ।
ਸਿੱਖ ਧਰਮ ਇੰਟਰਨੈਸ਼ਨਲ ਦੇ ਕੌਮੀ ਕਾਰਜਾਂ ਦੇ ਸਲਾਹਕਾਰ ਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗੁਰੂ ’ਤੇ ਪੂਰਾ ਯਕੀਨ ਸੀ ਕਿ ਉਹ ਜਿਹੜਾ ਜੋਖ਼ਮ ਭਰਿਆ ਕਾਰਜ ਕਰਨ ਜਾ ਰਹੇ ਹਨ ਉਸ ’ਚ ਉਸ ਨੂੰ ਯਕੀਨਨ ਸਫਲਤਾ ਮਿਲੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਅਜਿਹਾ ਹੋਇਆ ਵੀ । ਸਾਡੇ ਇਕਜੁੱਟ ਹੋਣ ਨਾਲ ਹੀ ਸਾਡਾ ਪੰਥ ਸਭ ਤੋਂ ਮਜ਼ਬੂਤ ਹੋਇਆ ਹੈ । ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਐਸ਼ੋ-ਆਰਾਮ ਦਾ ਜਿਹੜਾ ਜੀਵਨ ਮੈਨੂੰ ਮਿਲਿਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਨਾਲ ਹੀ ਮਿਲਿਆ ਹੈ ਅਤੇ ਉਨ੍ਹਾਂ ਦੇ ਮਨ ’ਚ ਉਨ੍ਹਾਂ ਦਾ ਬਹੁਤ ਸਨਮਾਨ ਹੈ । ਅਜਿਹੇ ’ਚ ਜਦੋਂ ਯੂਕ੍ਰੇਨ-ਰੂਸ ਦੀ ਜੰਗ ਆਰੰਭ ਹੋਈ ਤਾਂ ਉਦੋਂ ਤੋਂ ਹੀ ਉਹ ਇਸ ਗੱਲ ਨੂੰ ਸੋਚ ਕੇ ਬਹੁਤ ਅਸਹਿਜ ਸਨ ਕਿ ਉਨ੍ਹਾਂ ਦੇ ਗੁਰੂ ਇਸ ਜੰਗ ’ਚ ਫੰਸ ਗਏ ਹਨ । ਇਸ ਤੋਂ ਬਾਅਦ ਉਹ ਲੰਦਨ ਦੇ ਇਯਾਸੀ ਪੁੱਜੇ ਜਿੱਥੇ ਇਕ ਕਾਰ ਤੋਂ ਮੋਲਦੋਵਾ ਦੀ ਰਾਜਧਾਨੀ ਚਿਸੀਨਾਊ ਦੀ ਯਾਤਰਾ ਕੀਤੀ । ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਯੂਕ੍ਰੇਨੀ ਪੀਪੁਲਸ ਸੇਲਫ ਡਿਫੈਂਸ ਆਰਗਨਾਈਜੇਸ਼ਨ ਦੇ ਮੈਂਬਰਾਂ ਨਾਲ ਮਿਲੇ ਜਿਨ੍ਹਾਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੀ ਸਲਾਹ ਦਿੱਤੀ ਕਿਉਂਕਿ ਸ਼ਹਿਰ ’ਚ ਹਮੇਸ਼ਾਂ ਹਮਲੇ ਦਾ ਖਤਰਾ ਸੀ ਪਰੰਤੂ ਉਨ੍ਹਾਂ ਲਈ ਇਹ ਪੂਰੀ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਅਤੇ ਚੜ੍ਹਦੀਕਲਾ ਨਾਲ ਭਰਪੂਰ ਸੀ ਅਤੇ ਮਨ ’ਚ ਪਵਿੱਤਰ ਗ੍ਰੰਥਾਂ ਦੇ ਦਰਸ਼ਨ ਦਾ ਜੋਸ਼ ਭਰਿਆ ਹੋਇਆ ਸੀ ਇਸ ਲਈ ਉਨ੍ਹਾਂ ਨੂੰ ਜੰਗ ਦੇ ਮੈਦਾਨ ’ਚ ਵੀ ਅਜਿਹਾ ਦਲੇਰਾਨਾ ਕੰਮ ਕਰਨ ਦਾ ਬਲ ਮਿਲਿਆ ।

