ਹਰੀ ਨਗਰ ਸਕੂਲ ਦੇ ਮਾਮਲੇ ਵਿਚ ਅਦਾਲਤ ਵੱਲੋਂ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫ ਆਈ ਆਰ ’ਤੇ ਸਟੇਅ ਲੱਗੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਹਰੀ ਨਗਰ ਸਕੂਲ ਦੇ ਮਾਮਲੇ ਵਿਚ ਰੋਜ਼ ਅਵੈਨਿਊ ਕੋਰਟ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮਾਂ ’ਤੇ ਰੋਕ ਲਗਾਉਣਾ ਮਨਜੀਤ ਸਿੰਘ ਜੀ ਕੇ ਤੇ ਉਹਨਾਂ ਦੇ ਸਾਥੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਤੇ ਅਦਾਲਤੀ ਹੁਕਮਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਕੇ ਸੱਚਾਈ ਸੰਗਤ ਸਾਹਮਣੇ ਲਿਆ ਦਿੱਤੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਅਵਤਾਰ ਸਿੰਘ ਹਿੱਤ ਦੀ ਉਹ ਵੀਡੀਓ ਮੀਡੀਆ ਸਾਹਮਣੇ ਵਿਖਾਈ ਜਿਸ ਵਿਚ ਉਹਨਾਂ ਆਖਿਆ ਸੀ ਕਿ 4.4.2016 ਨੁੰ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਮਨਜੀਤ ਸਿੰਘ ਜੀ ਕੇ ਨੇ ਇਹ ਸਕੂਲ ਉਹਨਾਂ ਨੂੰ ਸੌਂਪਣ ਦੀ ਚਿੱਠੀ ਆਪ ਸੌਂਪੀ ਸੀ। ਉਹਨਾਂ ਕਿਹਾ ਕਿ ਵੀਡੀਓ ਨੇ ਵਿਰੋਧੀਆਂ ਦੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ।

ਉਹਨਾਂ ਕਿਹਾ ਕਿ ਜਿਹੜੇ ਮਨਜੀਤ ਸਿੰਘ ਜੀ ਕੇ ਤੇ ਅਵਤਾਰ ਸਿੰਘ ਹਿੱਤ ਕਦੇ ਇਕ ਦੂਜੇ ਖਿਲਾਫ ਬੋਲਦੇ ਸਨ, ਉਹ ਅੱਜ ਘਿਓ ਖਿਚੜੀ ਹਨ ਤੇ ਅਵਤਾਰ ਸਿੰਘ ਹਿੱਤ ਖਿਲਾਫ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਕੋਲ ਸ਼ਿਕਾਇਤ ਕਰਵਾ ਕੇ ਉਹਨਾਂ ਨੁੰ ਤਨਖਾਹੀਆ ਕਰਾਰ ਦੁਆਉਣ ਵਾਲੇ ਪਰਮਜੀਤ ਸਿੰਘ ਸਰਨਾ ਇਹਨਾਂ ਦੇ ਤੀਜੇ ਸਾਥੀ ਹਨ ਜੋ ਅਕਾਲੀ ਦਲ ਦੇ ਬੈਨਰ ਹੇਠ ਅੱਜ ਰਲ ਗੱਡ ਹੋਏ ਹਨ ਕਿਉਂਕਿ ਸੰਗਤਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ ਤੇ ਮੌਜੂਦਾ ਟੀਮ ਨੂੰ ਕਮੇਟੀ ਦੀ ਸੇਵਾ ਸੌਂਪੀ ਹੈ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮਨਜੀਤ ਸਿੰਘ ਜੀ ਕੇ ਨੇ ਅਦਾਲਤ ਨੁੰ ਗੁੰਮਰਾਹ ਕਰ ਕੇ ਐਫ ਆਈ ਆਰ ਦਰਜ ਕਰਨ ਦਾ ਆਰਡਰ ਜਾਰੀ ਕਰਵਾਇਆ। ਉਹਨਾਂ ਕਿਹਾ ਕਿ ਅੱਜ ਜਦੋਂ ਮਾਣਯੋਗ ਜੱਜ ਐਮ ਕੇ ਨਾਗਪਾਲ ਨੇ ਮਾਮਲੇ ਦੀ ਸੁਣਵਾਈ ਕੀਤੀ ਤਾਂ ਉਹਨਾਂ ਤੁਰੰਤ ਆਰਥਿਕ ਅਪਰਾਧ ਵਿੰਗ ਨੂੰ ਹਦਾਇਤ ਕਰਦਿਆਂ ਪਿਛਲੇ ਹੁਕਮਾਂ ’ਤੇ ਸਟੇਅ ਲਗਾ ਦਿੱਤੀ।
ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੌਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਕੌਮ ਦੀਆਂ ਜਾਇਦਾਦਾਂ ਖੁਰਦ ਬੁਰਦ ਕਰਨ ਵਾਲੇ, ਗੁਰੂ ਘਰਾਂ ਵਿਚ ਚੋਰੀਆਂ ਕਰਨ ਵਾਲੇ ਲੋਕ ਅੱਜ ਸੰਗਤ ਨੁੰ ਵੀ ਗੁੰਮਰਾਹ ਕਰ ਰਹੇ ਹਨ ਤੇ ਅਦਾਲਤਾਂ ਵਿਚ ਵੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

