ਸਾਬਕਾ ‘ਆਪ’ ਵਿਧਾਇਕ ਨੇ ਘਪਲੇ ਦੇ ਪੈਸੇ ਦੀ ਖਰੀਦੀ ਇਨੋਵਾ, ਕਹਿੰਦਾ ਮੁੱਖ ਮੰਤਰੀ ਜੀ ਨੂੰ ਸਭ ਦੱਸਿਆ ਹੋਇਆ ਐ, ਕਾਂਗਰਸੀਆਂ ਨੇ ਪਾ ਲਿਆ ਘੇਰਾ…

ਸਾਬਕਾ ‘ਆਪ’ ਵਿਧਾਇਕ ਨੇ ਘਪਲੇ ਦੇ ਪੈਸੇ ਦੀ ਖਰੀਦੀ ਇਨੋਵਾ, ਕਹਿੰਦਾ ਮੁੱਖ ਮੰਤਰੀ ਜੀ ਨੂੰ ਸਭ ਦੱਸਿਆ ਹੋਇਆ ਐ, ਕਾਂਗਰਸੀਆਂ ਨੇ ਪਾ ਲਿਆ ਘੇਰਾ…

ਚੰਡੀਗੜ੍ਹ (ਵੀਓਪੀ ਬਿਊਰੋ) ਭ੍ਰਿਸ਼ਟਾਚਾਰ ਦੀ ਖਾਈ ਬਹੁਤ ਡੂੰਘੀ ਹੈ ਅਤੇ ਇਸ ਵਿਚ ਕਿੰਨੇ ਆਗੂ ਲੁੱਕ-ਛੁੱਪ ਕੇ ਬੈਠੇ ਹੋਏ ਹਨ, ਇਹ ਤਾਂ ਹੋਲੀ-ਹੋਲੀ ਹੀ ਪਤਾ ਲੱਗੇਗਾ। ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਕੀ ਸਿਰਫ ਵਿਰੋਧੀਆਂ ਲਈ ਹੀ ਹੈ, ਜਾਂ ਫਿਰ ਇਸ ਦੇ ਆਪਣੇ ਸਾਬਕਾ ਆਗੂਆਂ ਤੇ ਮੌਜੂਦਾ ਆਗੂਆਂ ਲਈ ਵੀ ਇਹ ਮੁਹਿੰਮ ਕਾਰਜਕਾਰੀ ਹੋਵੇਗੀ, ਇਹ ਦੇਖਣਾ ਦਿਲਚਸਪ ਹੈ। ਆਪਣੇ ਹੀ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਅਹੁਦੇ ਤੋਂ ਤਾਂ ਹਟਾ ਦਿੱਤਾ ਗਿਆ ਅਤੇ ਫਿਰ ਜੇਲ੍ਹ ਦੀ ਹਵਾ ਵੀ ਖਵਾਈ ਗਈ ਪਰ ਉਸ ਖਿਲਾਫ ਕੋਈ ਸਬੂਤ ਪੇਸ਼ ਨਹੀਂ ਹੋ ਸਕਿਆ। ਅਜਿਹੇ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਹੀ ਇਕ ਸਾਬਕਾ ਵਿਧਾਇਕ ਵੀ ਫਸ ਗਏ ਹਨ।

ਦਰਅਸਲ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸੰਦੋਹਾ ਖਿਲਾਫ ਜ਼ਮੀਨ ਘੁਟਾਲੇ ਦੇ ਦੋਸ਼ ਲੱਗੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਘਪਲੇ ਦੇ ਪੈਸਿਆਂ ਦੀ ਇਕ ਇਨੋਵਾ ਕਾਰ ਜੋ ਕਿ 18 ਲੱਖ ਰੁਪਏ ਦੇ ਕਰੀਬ ਦੀ ਆਈ ਸੀ ਲੈ ਕੇ ਆਪਣੇ ਸਹੁਰੇ ਦੇ ਨਾਂ ਉੱਪਰ ਕਰਵਾ ਰੱਖੀ ਸੀ। ਇਹ ਕਾਰ ਰੋਪੜ ਦੇ ਪਿੰਡ ਕਰੂਰਾਂ ਵਿੱਚ ਘਪਲੇ ਦੇ ਪੈਸੇ ਨਾਲ ਖਰੀਦੀ ਗਈ ਸੀ। ਵਿਜੀਲੈਂਸ ਦੀ ਜਾਂਚ ਵਿੱਚ ਇਸ ਦੇ ਖੁਲਾਸੇ ਤੋਂ ਬਾਅਦ ਐੱਸਡੀਐੱਮ ਨੇ ਇਨੋਵਾ ਦੀ ਰਜਿਸਟ੍ਰੇਸ਼ਨ ਜ਼ਬਤ ਕਰ ਲਈ ਹੈ। ਕਰੀਬ 2 ਮਹੀਨੇ ਪਹਿਲਾਂ ਰੋਪੜ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ ਦਸ ਗੁਣਾ ਵੱਧ ਰੇਟ ’ਤੇ ਵੇਚਣ ਦੇ ਘਪਲੇ ਦਾ ਪਰਦਾਫਾਸ਼ ਵਿਜੀਲੈਂਸ ਨੇ ਕੀਤਾ ਸੀ।

ਇਸ ਦੌਰਾਨ ਜਦ ਵਿਜੀਲੈਂਸ ਨੇ ਜਾਂਚ ਅੱਗੇ ਤੋੜੀ ਤਾਂ ਪਤਾ ਲੱਗਾ ਕਿ ਘੁਟਾਲੇ ਵਿੱਚ ਨਾਮਜ਼ਦ ਭਿੰਦਰ ਬ੍ਰਦਰਜ਼ ਨੇ ਜਲੰਧਰ ਦੀ ਇੱਕ ਔਰਤ ਦੇ ਖਾਤੇ ਵਿੱਚ 2 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ। ਔਰਤ ਨੇ ਇਸ ਵਿੱਚੋਂ ਕੁਝ ਰਕਮ ਆਪਣੇ ਪਤੀ ਬਰਿੰਦਰ ਕੁਮਾਰ ਦੇ ਖਾਤੇ ਵਿੱਚ ਪਾ ਦਿੱਤੀ। ਬਰਿੰਦਰ ਨੇ 16 ਅਕਤੂਬਰ 2020 ਨੂੰ ਇੱਕ ਕਾਰ ਡੀਲਰ ਦੇ ਖਾਤੇ ਵਿੱਚ 19 ਲੱਖ ਰੁਪਏ ਟਰਾਂਸਫਰ ਕੀਤੇ। ਇਸ ਦੀ ਬਜਾਏ ਇਨੋਵਾ ਕ੍ਰਿਸਟਾ ਗੱਡੀ ਖਰੀਦੀ ਗਈ। ਕਾਰ ਦੀ ਰਜਿਸਟ੍ਰੇਸ਼ਨ ਪਿੰਡ ਘਦਾਸਪੁਰ ਦੇ ਮੋਹਨ ਸਿੰਘ ਦੇ ਨਾਂ ‘ਤੇ ਹੋਈ ਸੀ। ਮੋਹਨ ਸਿੰਘ ‘ਆਪ’ ਦੇ ਸਾਬਕਾ ਵਿਧਾਇਕ ਸੰਦੋਹਾ ਦੇ ਸਹੁਰੇ ਹਨ। ਹਾਲਾਂਕਿ ਇਸ ਸਾਰੇ ਮਾਮਲੇ ਸਬੰਧੀ ਸਾਬਕਾ ਵਿਧਾਇਕ ਅਮਰਜੀਤ ਸੰਦੋਹਾ ਦੋਸ਼ਾਂ ਨੂੰ ਨਾਕਾਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੀ ਉਨ੍ਹਾਂ ਨੇ ਇਸ ਬਾਰੇ ਸੀਐੱਮ ਭਗਵੰਤ ਮਾਨ ਨੂੰ ਸਾਰੀ ਗੱਲ ਦੱਸ ਦਿੱਤੀ ਹੈ।

ਇਸ ਦੇ ਜਵਾਬ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਪੰਜਾਬ ਦੀ ਆਪ ਸਰਕਾਰ ਖਿਲਾਫ ਫਿਰ ਤੋਂ ਹਮਲਾਵਰ ਹੋ ਗਏ ਹਨ ਅਤੇ ਉਹਨਾਂ ਨੇ ਕਿਹਾ ਕਿ ਹੁਣ ਉਹ ਦੇਖਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਸਾਬਕਾ ਵਿਧਾਇਕ ਖਿਲਾਫ ਕੀ ਕਾਰਵਾਈ ਕਰਦੇ ਹਨ। ਅਮਰਜੀਤ ਸੰਦੋਆ ਨੇ ਜੰਗਲਾਤ ਘੁਟਾਲੇ ਦੇ ਦਾਗੀ ਅਧਿਕਾਰੀ ਵੱਲੋਂ ਦਿੱਤੇ ਪੈਸਿਆਂ ਨਾਲ ਕਾਰ ਖਰੀਦੀ ਸੀ। ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸੀ.ਐਮ ਮਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।

error: Content is protected !!