ਰੈਸਟੋਰੈਂਟ ਮੈਨੇਜਰ ਨੂੰ ਪਹਿਲਾਂ ਉਚੀ ਆਵਾਜ਼ ਵਿਚ ਗਾਣੇ ਲਾਉਣ ਨੂੰ ਕਿਹਾ, ਫਿਰ ਚਲਾ ਦਿੱਤੀਆਂ ਗੋਲੀਆਂ, ਕੀਤੀ ਤੋੜ-ਭੰਨ

ਰੈਸਟੋਰੈਂਟ ਮੈਨੇਜਰ ਨੂੰ ਪਹਿਲਾਂ ਉਚੀ ਆਵਾਜ਼ ਵਿਚ ਗਾਣੇ ਲਾਉਣ ਨੂੰ ਕਿਹਾ, ਫਿਰ ਚਲਾ ਦਿੱਤੀਆਂ ਗੋਲੀਆਂ, ਕੀਤੀ ਤੋੜ-ਭੰਨ


ਜਲੰਧਰ (ਵੀਓਪੀ) : ਰੈਸਟੋਰੈਂਟ ਵਿਚ ਖਾਣਾ ਖਾਣ ਆਏ ਨੌਜਵਾਨਾਂ ਨੂੰ ਸ਼ਰਾਬ ਪੀਣ ਤੋਂ ਰੋਕਣਾ ਇਕ ਰੈਸਟੋਰੈਂਟ ਦੇ ਮੈਨੇਜਰ ਨੂੰ ਮਹਿੰਗਾ ਪੈ ਗਿਆ। ਪਹਿਲਾਂ ਨੌਜਵਾਨਾਂ ਨੇ ਮੈਨੇਜਰ ਨੂੰ ਉਚੀ ਆਵਾਜ਼ ਵਿਚ ਗਾਣੇ ਲਾਉਣ ਨੂੰ ਕਿਹਾ ਤੇ ਬਾਅਦ ਵਿਚ ਵਿਵਾਦ ਭਖਣ ਉਤੇ ਰੈਸਟੋਰੈਂਟ ਵਿਚ ਤੋੜ ਭੰਨ ਕੀਤੀ ਤੇ ਗੋਲ਼ੀਆਂ ਚਲਾਈਆਂ। ਹਾਲਾਂਕਿ ਤਫਤੀਸ਼ ਵਿਚ ਜੁਟੀ ਪੁਲਸ ਨੇ ਗੋਲ਼ੀਆਂ ਚਲਾਉਣ ਦੀ ਗੱਲ ਦੀ ਪੁਸ਼ਟੀ ਨਹੀਂ ਕੀਤੀ।
ਜਾਣਕਾਰੀ ਅਨੁਸਾਰ ਅਮਨਦੀਪ ਐਵੀਨਿਊ ਦੇ ਬਾਹਰ ਬਣੇ ਐੱਚਐੱਲ ਰੈਸਟੋਰੈਂਟ ‘ਚ ਦੇਰ ਰਾਤ ਹੰਗਾਮਾ ਹੋ ਗਿਆ। ਰੈਸਟੋਰੈਂਟ ਦੇ ਮੈਨੇਜਰ ਸ਼ੁਭਮ ਨੇ ਦੱਸਿਆ ਕਿ ਦੇਰ ਰਾਤ ਨੌਜਵਾਨ ਐਕਸਯੂਵੀ ਕਾਰ ਤੇ ਮੋਟਰਸਾਈਕਲ ‘ਤੇ ਰੈਸਟੋਰੈਂਟ ‘ਚ ਆਏ, ਰੈਸਟੋਰੈਂਟ ‘ਚ ਆ ਕੇ ਖਾਣੇ ਦਾ ਆਰਡਰ ਦਿੱਤਾ। ਖਾਣਾ ਖਾਣ ਦੌਰਾਨ ਉਨ੍ਹਾਂ ਨੇ ਆਪਣੀ ਨਾਲ ਲਿਆਂਦੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।


ਮੈਨੇਜਰ ਨੇ ਰੈਸਟੋਰੈਂਟ ‘ਚ ਸ਼ਰਾਬ ਪੀਣ ਦੀ ਮਨਾਹੀ ਬਾਰੇ ਦੱਸ ਕੇ ਉਨ੍ਹਾਂ ਨੂੰ ਰੋਕਿਆ ਤਾਂ ਨੌਜਵਾਨਾਂ ਨੇ ਜਿੱਦ ਕੀਤੀ ਕਿ ਉਹ ਇੱਥੇ ਬੈਠ ਕੇ ਸ਼ਰਾਬ ਪੀਣਗੇ ਤੇ ਉੱਚੀ ਆਵਾਜ਼ ਵਿਚ ਗਾਣੇ ਲਗਾਉਣ ਲਈ ਕਿਹਾ। ਇਸ ਦੌਰਾਨ ਮਨ੍ਹਾ ਕਰਨ ‘ਤੇ ਉਨ੍ਹਾਂ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਰੈਸਟੋਰੈਂਟ ਦੇ ਕਰਮਚਾਰੀਆਂ ਦੀ ਕੁੱਟਮਾਰ ਕੀਤੀ। ਇਨਾ ਹੀ ਨਹੀਂ, ਉਨ੍ਹਾਂ ਮੈਨੇਜਰ ਦੇ ਕਾਊਂਟਰ ਦੇ ਗੱਲੇ ਵਿੱਚ ਪਈ ਹੋਈ ਤਕਰੀਬਨ ਤੀਹ ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟ ਲਈ। ਰੈਸਟੋਰੈਂਟ ਦੇ ਇੱਕ ਵਿਅਕਤੀ ਦੇ ਗਲ ‘ਚ ਪਾਈ ਸੋਨੇ ਦੀ ਚੇਨ ਝਪਟ ਲਈ ਤੇ ਰੈਸਟੋਰੈਂਟ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਪਏ ਗਮਲੇ ਆਦਿ ਨਾਲ ਸ਼ਟਰ ਤੋੜਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਉਤੇ ਉਨ੍ਹਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੌੜ ਕੇ ਰੈਸਟੋਰੈਂਟ ਅੰਦਰ ਵੜ ਕੇ ਆਪਣੀ ਜਾਨ ਬਚਾਈ। ਉਪਰੰਤ ਉਹ ਫ਼ਰਾਰ ਹੋ ਗਏ।

ਮੌਕੇ ‘ਤੇ ਪੁੱਜੇ ਥਾਣਾ ਦੇ ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚੱਲਣ ਦੀ ਗੱਲ ਸਾਹਮਣੇ ਨਹੀਂ ਆਈ।

error: Content is protected !!