ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਧਮਕਾਉਂਦੇ ਰਹੇ, ਚੰਡੀਗੜ੍ਹ ਲਿਜਾ ਕੇ ਕੀਤਾ ਕਾਰਾ

ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਧਮਕਾਉਂਦੇ ਰਹੇ, ਚੰਡੀਗੜ੍ਹ ਲਿਜਾ ਕੇ ਕੀਤਾ ਕਾਰਾ

ਲੁਧਿਆਣਾ (ਵੀਓਪੀ ਬਿਊਰੋ): ਜਬਰ ਜਨਾਹ ਦੀਆਂ ਘਟਨਾਵਾਂ ਵਧਦੀਆਂ ਦੀ ਜਾ ਰਹੀਆਂ ਹਨ। ਹੁਣ ਲੁਧਿਆਣਾ ਤੋਂ ਇਕ ਹੋਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਝ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਦੋ ਸਕੇ ਭਰਾ 20 ਸਾਲਾ ਮੁਟਿਆਰ ਨਾਲ ਜਬਰ ਜਨਾਹ ਕਰਦੇ ਰਹੇ।ਪਹਿਲਾਂ ਤਾਂ ਪੀਡ਼ਤਾ ਉਹ ਜੁਲਮ ਸਹਿੰਦੀ ਰਹੀ ਪਰ ਪਾਣੀ ਸਿਰ ਤੋਂ ਲੰਘਣ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ‘ਤੇ ਨੱਥਾ ਸਿੰਘ ਦਾ ਵਿਹੜਾ ਮੁਸਲਮ ਕਲੋਨੀ ਦੇ ਵਾਸੀ ਬਹਾਦਰ ਸਿੰਘ ਤੇ ਨਰਿੰਦਰ ਸਿੰਘ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮ ਬਹਾਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਨਰਿੰਦਰ ਦੀ ਤਲਾਸ਼ ਕੀਤੀ ਜਾ ਰਹੀ ਹੈ।


ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਹੈ। ਇਸੇ ਦੌਰਾਨ ਵਿਹੜੇ ਵਿਚ ਰਹਿਣ ਵਾਲੇ ਬਹਾਦਰ ਸਿੰਘ ਨਾਮ ਦੇ ਨੌਜਵਾਨ ਨਾਲ ਲੜਕੀ ਦੀ ਮੁਲਾਕਾਤ ਹੋ ਗਈ। ਕੁਝ ਦਿਨ ਪਹਿਲਾਂ ਬਹਾਦਰ ਲੜਕੀ ਨੂੰ ਇਕੱਲਿਆਂ ਦੇਖ ਕੇ ਘਰ ਅੰਦਰ ਦਾਖ਼ਲ ਹੋ ਗਿਆ ਤੇ ਉਸ ਨੂੰ ਬਹਿਲਾ ਫੁਸਲਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾ ਲਏ। ਮੁਲਜ਼ਮ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਇਸ ਸਬੰਧੀ ਕਿਸੇ ਨਾਲ ਵੀ ਜ਼ਿਕਰ ਨਾ ਕੀਤਾ ਜਾਵੇ। ਕੁਝ ਦਿਨਾਂ ਬਾਅਦ ਬਹਾਦਰ ਸਿੰਘ ਦਾ ਭਰਾ ਨਰਿੰਦਰ ਲੜਕੀ ਦੇ ਕੋਲ ਆਇਆ ਤੇ ਉਸ ਦੀਆਂ ਕੁਝ ਇਤਰਾਜ਼ਯੋਗ ਖਿੱਚੀਆਂ ਤਸਵੀਰਾਂ ਵਾਇਰਲ ਕਰ ਦੇਣ ਦੀ ਧਮਕੀ ਦੇਣ ਲੱਗ ਪਿਆ। ਮੁਲਜ਼ਮ ਨਰਿੰਦਰ ਸਿੰਘ ਨੇ ਤਸਵੀਰਾਂ ਡਿਲੀਟ ਕਰ ਦੇਣ ਦੀ ਗੱਲ ਆਖ ਕੇ ਲੜਕੀ ਨੂੰ ਬਲੈਕਮੇਲ ਕੀਤਾ ਅਤੇ ਚੰਡੀਗੜ੍ਹ ਦੇ ਹੋਟਲ ਵਿਚ ਲਿਜਾ ਕੇ ਉਸ ਦੀ ਆਬਰੂ ਲੁੱਟ ਲਈ। ਮੁਟਿਆਰ ਪਹਿਲੋਂ ਤਾਂ ਜ਼ੁਲਮ ਸਹਿ ਰਹੀ ਸੀ ਪਰ ਪਾਣੀ ਸਿਰ ਤੋਂ ਲੰਘਦਿਆਂ ਦੇਖ ਉਸ ਨੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ।

error: Content is protected !!