ਗੈਂਗਸਟਰ ਟੀਨੂੰ ਦੇ ਮਾਨਸਾ ਪੁਲਿਸ ਦੀ ਗ੍ਰਿਫਤ ਵਿਚੋਂ ਫਰਾਰ ਹੋਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰੇਮਿਕਾ ਗ੍ਰਿਫਤਾਰ, ਕੀਤੇ ਅਹਿਮ ਖੁਲਾਸੇ

ਗੈਂਗਸਟਰ ਟੀਨੂੰ ਦੇ ਮਾਨਸਾ ਪੁਲਿਸ ਦੀ ਗ੍ਰਿਫਤ ਵਿਚੋਂ ਫਰਾਰ ਹੋਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰੇਮਿਕਾ ਗ੍ਰਿਫਤਾਰ, ਕੀਤੇ ਅਹਿਮ ਖੁਲਾਸੇ


ਪੰਜਾਬ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਤੇ ਮਾਨਸਾ ਤੋਂ ਪੁਲਿਸ ਦੀ ਗ੍ਰਿਫਤ ਵਿਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ। ਟੀਨੂੰ ਦੀ ਪ੍ਰੇਮਿਕਾ ਦਾ ਨਾਂ ਜਤਿੰਦਰ ਕੌਰ ਦੱਸਿਆ ਜਾ ਰਿਹਾ ਹੈ। ਉਹ ਲੁਧਿਆਣਾ ਦੀ ਰਹਿਣ ਵਾਲੀ ਹੈ।ਜਤਿੰਦਰ ਕੌਰ ਨੇ ਦੱਸਿਆ ਕਿ ਦੀਪਕ ਲਗਾਤਾਰ ਫੋਨ ‘ਤੇ ਗੱਲ ਕਰਦਾ ਸੀ, ਦੀਪਕ ਕੋਲ ਗੋਇੰਦਵਾਲ ਜੇਲ੍ਹ ‘ਚ ਉਸ ਦਾ ਮੋਬਾਇਲ ਸੀ ਅਤੇ ਉਥੋਂ ਉਹ ਲਗਾਤਾਰ ਗੱਲ ਕਰਦਾ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਖੁਲਾਸੇ ਵਿੱਚ ਦੱਸਿਆ ਗਿਆ ਹੈ ਕਿ ਦੀਪਕ ਟੀਨੂੰ ਦੇ ਭੱਜਣ ਦੀ ਯੋਜਨਾ ਗੋਇੰਦਵਾਲ ਜੇਲ੍ਹ ਵਿੱਚ ਪਹਿਲਾਂ ਹੀ ਬਣਾਈ ਗਈ ਸੀ। ਸਾਰੀ ਪਲੈਨਿੰਗ ਉਸੇ ਜੇਲ੍ਹ ਵਿੱਚੋਂ ਭੱਜਣ ਲਈ ਕੀਤੀ ਗਈ ਸੀ ਅਤੇ ਜੇਲ੍ਹ ਵਿੱਚ ਬੰਦ ਚਾਰ-ਪੰਜ ਗੈਂਗਸਟਰਾਂ ਨੇ ਹੀ ਸਾਰੀ ਵਿਉਂਤਬੰਦੀ ਨੂੰ ਅੰਜਾਮ ਦਿੱਤਾ ਸੀ।


ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਹੁਣ ਦੀਪਕ ਦੀ ਇਕ ਹੋਰ ਮਹਿਲਾ ਸਾਥੀ ਦੀ ਤਲਾਸ਼ ਕਰ ਰਹੀ ਹੈ, ਜਿਸ ਦੀ ਭੂਮਿਕਾ ਵੀ ਕਾਫੀ ਅਹਿਮ ਰਹੀ ਹੈ।
ਇਸ ਮਾਮਲੇ ਦੇ ਮੁਲਜ਼ਮ ਮਾਨਸਾ ਦੇ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਤੁਰੰਤ ਮੁਅੱਤਲ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਖ਼ਿਲਾਫ਼ ਡਿਊਟੀ ’ਚ ਕੋਤਾਹੀ ਕਰਨ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ। ਪ੍ਰਿਤਪਾਲ ਸਿੰਘ ਵੀ ਇਸ ਸਮੇਂ ਪੁਲਸ ਰਿਮਾਂਡ ’ਤੇ ਹੈ।

4 ਮੈਂਬਰੀ ‘ਸਿਟ’ ਕਰ ਰਹੀ ਹੈ ਜਾਂਚ
ਡੀਜੀਪੀ ਗੌਰਵ ਯਾਦਵ ਨੇ ਮਾਨਸਾ ’ਚ ਗੈਂਗਸਟਰ ਦੀਪਕ ਟੀਨੂੰ ਦੀ ਪੁਲਿਸ ਹਿਰਾਸਤ ’ਚੋਂ ਭੱਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਇਕ 4 ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ’ਚ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦਕਿ ਤਿੰਨ ਮੈਂਬਰਾਂ ’ਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਉਪਿੰਦਰਜੀਤ ਸਿੰਘ, ਐੱਸਐੱਸਪੀ ਮਾਨਸਾ ਗੌਰਵ ਤੂਰਾ ਅਤੇ ਡੀਐੱਸਪੀ (ਏਜੀਟੀਐੱਫ) ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹੈ।

error: Content is protected !!