ਯੂਕੇ ਵਿਚ ਸਿੱਖਾਂ ਖਿਲਾਫ ਨਫਰਤੀ ਅਪਰਾਧ 169% ਵਧਣਾ ਬਹੁਤ ਚਿੰਤਾ ਜਨਕ: ਪ੍ਰੀਤ ਕੌਰ ਗਿੱਲ

ਯੂਕੇ ਵਿਚ ਸਿੱਖਾਂ ਖਿਲਾਫ ਨਫਰਤੀ ਅਪਰਾਧ 169% ਵਧਣਾ ਬਹੁਤ ਚਿੰਤਾ ਜਨਕ: ਪ੍ਰੀਤ ਕੌਰ ਗਿੱਲ

ਸਰਕਾਰ ਤੁਰੰਤ ਲੋੜੀਂਦੇ ਕਦਮ ਚੁੱਕੇ ਅਤੇ ਸਿੱਖਾਂ ਦੀ ਸੁਰੱਖਿਆ ਵਲ ਧਿਆਨ ਦੇਵੇ

ਨਵੀਂ ਦਿੱਲੀ 16 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੀ ਸੰਸਦ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੀ ਸਿੱਖ ਮੈਂਬਰ ਪ੍ਰੀਤ ਕੌਰ ਗਿੱਲ ਨੇ ਯੂਕੇ ਦੇ ਸੰਸਦ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਸਾਈਮਨ ਕਲਾਰਕ ਨੂੰ ਪੱਤਰ ਲਿਖ ਕੇ ਦੇਸ਼ ’ਵਿਚ ਵਧ ਰਹੇ ਸਿੱਖ-ਵਿਰੋਧੀ ਨਫ਼ਰਤੀ ਅਪਰਾਧਾਂ ਖ਼ਿਲਾਫ਼ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਲਈ ਲੋੜੀਂਦੇ ‘ਤੁਰੰਤ ਕਦਮ ਚੁੱਕਣ’ ਲਈ ਕਿਹਾ ਹੈ। ਯੂਕੇ ਸਿੱਖਾਂ ਦੀ ਏਪੀਪੀਜੀ ਦੀ ਚੇਅਰਮੈਨ ਵਜੋਂ ਪ੍ਰੀਤ ਕੌਰ ਗਿੱਲ ਨੇ ਹਿੰਦੁਸਤਾਨੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਇਕ ਹੋਰ ਮੰਤਰੀ ਸਾਈਮਨ ਕਲਾਰਕ ਨੂੰ ਹਾਲ ਹੀ ਵਿਚ ਜ਼ਾਰੀ ਹੋਏ ਨਫ਼ਰਤੀ ਅਪਰਾਧਾਂ ਬਾਰੇ ਗ੍ਰਹਿ ਵਿਭਾਗ ਦੇ ਅੰਕੜਿਆਂ ਦਾ ਹਵਾਲਾ ਦੇਂਦਿਆਂ ਸਾਂਝਾ ਪੱਤਰ ਲਿਖਿਆ ਹੈ।

ਪ੍ਰੀਤ ਕੌਰ ਗਿੱਲ ਨੇ ਕਿਹਾ, ‘ਮੈਂ ਇਨ੍ਹਾਂ ਨਵੇਂ ਅੰਕੜਿਆਂ ਬਾਰੇ ਕਾਫ਼ੀ ਚਿੰਤਤ ਹਾਂ ਕਿਉਂਕਿ 2021-22 ਦੌਰਾਨ ਸਿੱਖਾਂ ਖ਼ਿਲਾਫ਼ 301 ਨਫ਼ਰਤੀ ਅਪਰਾਧ ਹੋਏ ਸਨ ਜੋ ਕਿ 2020 ਨਾਲੋਂ 112 ਵੱਧ ਹਨ। ਇਸ ਤਰ੍ਹਾਂ ਸਿੱਖਾਂ ਵਿਰੋਧੀ ਨਫ਼ਰਤੀ ਅਪਰਾਧਾਂ ’ਚ 169 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਕੁੱਲ ਮਿਲਾ ਕੇ ਧਾਰਮਿਕ ਨਫ਼ਰਤੀ ਅਪਰਾਧ 38 ਪ੍ਰਤੀਸ਼ਤ ਵਧੇ ਹਨ।’ ਲੇਬਰ ਸੰਸਦ ਮੈਂਬਰ ਨੇ ਪੱਤਰ ਵਿਚ ਇਸ ਖ਼ਤਰਨਾਕ ਰੁਝਾਨ ਬਾਰੇ ਤੁਰੰਤ ਕਦਮ ਚੁੱਕਣ ਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਅਤੇ ਨਫ਼ਰਤੀ ਅਪਰਾਧਾਂ ਦੀ ਰਿਪੋਰਟਿੰਗ ਬਾਰੇ ਏਪੀਪੀਜੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਹਾਲ ਹੀ ਵਿਚ ਮਾਨਚੈਸਟਰ ਵਿਚ ਵਾਪਰੀ ਇਕ ਘਟਨਾ ਦਾ ਹਵਾਲਾ ਵੀ ਦਿੱਤਾ ਜਿੱਥੇ ਸਿੱਖ ਭਾਈਚਾਰੇ ਦੇ ਆਗੂ ਅਵਤਾਰ ਗਿੱਲ ’ਤੇ ਹਮਲਾ ਕੀਤਾ ਗਿਆ ਸੀ।

error: Content is protected !!