ਗੁਜਰਾਤ ‘ਚ ਪਹਿਲੇ ਪੜਾਅ ਦੀਆਂ ਵੋਟਾਂ ਅੱਜ, 788 ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ 2 ਕਰੋੜ ਗੁਜਰਾਤੀ, ਭਾਜਪਾ-ਕਾਂਗਰਸ ਦੇ ਨਾਲ ‘ਆਪ’ ਦਾ ਵੀ ਲੱਗਾ ਹੋਇਆ ਪੂਰਾ ਜ਼ੋਰ

ਗੁਜਰਾਤ ‘ਚ ਪਹਿਲੇ ਪੜਾਅ ਦੀਆਂ ਵੋਟਾਂ ਅੱਜ, 788 ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ 2 ਕਰੋੜ ਗੁਜਰਾਤੀ, ਭਾਜਪਾ-ਕਾਂਗਰਸ ਦੇ ਨਾਲ ‘ਆਪ’ ਦਾ ਵੀ ਲੱਗਾ ਹੋਇਆ ਪੂਰਾ ਜ਼ੋਰ


ਅਹਿਮਦਾਬਾਦ (ਵੀਓਪੀ ਬਿਊਰੋ) ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਉੱਪਰ ਟਿੱਕੀਆਂ ਹੋਈਆਂ ਹਨ। ਅਜਿਹਾ ਇਸ ਲਈ ਵੀ ਹੈ ਕਿਉਂਕਿ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਰ ਹੈ ਅਤੇ ਇਹ ਭਾਜਪਾ ਦਾ ਗੜ੍ਹ ਵੀ ਹੈ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਨਰਿੰਦਰ ਮੋਦੀ ਦੇ ਚਿਹਰੇ ਨਾਲ ਮੈਦਾਨ ਵਿੱਚ ਅਜਿਹੀ ਵਾਪਸੀ ਕੀਤੀ ਕਿ 10 ਸਾਲ ਰਾਜ ਕਰਨ ਵਾਲੀ ਕਾਂਗਰਸ ਦਾ ਸੁਪੜਾ ਸਾਫ ਕਰ ਦਿਤਾ ਸੀ। ਇਸ ਵਾਰ ਵੀ ਦੇਖਣਾ ਹੋਵੇਗਾ ਕਿ ਕੀ ਭਾਜਪਾ ਆਪਣਾ ਘਰ ਬਚਾ ਸਕਦੀ ਹੈ ਜਾਂ ਫਿਰ ਕਾਂਗਰਸ, ਆਮ ਆਦਮੀ ਪਾਰਟੀ ਦਾ ਫਿਰ ਕੋਈ ਹੋਰ ਇਸ ਗੜ੍ਹ ਵਿੱਚ ਸੇਧਮਾਰੀ ਕਰ ਪਾਉਂਦੀ ਹੈ। ਅੱਜ ਗੁਜਰਾਤ ਵਿੱਚ ਪਹਿਲੇ ਪੜਾਅ ਦੀਂਆਂ ਵੋਟਾਂ ਪੈ ਰਹੀਆਂ ਹਨ। ਖਬਰ ਲਿਖੇ ਜਾਣ ਤਕ ਪਹਿਲੇ ਪੜਾਅ ‘ਚ ਸੂਬੇ ਦੀਆਂ 89 ਸੀਟਾਂ ‘ਤੇ 11 ਵਜੇ ਤੱਕ 19 ਫੀਸਦੀ ਵੋਟਿੰਗ ਹੋ ਚੁੱਕੀ ਹੈ। ਤਾਪੀ ਵਿੱਚ ਸਭ ਤੋਂ ਵੱਧ 26.47% ਅਤੇ ਕੇਮ ਦੇਵਭੂਮੀ ਦਵਾਰਕਾ ਵਿੱਚ 15.86% ਪੋਲਿੰਗ ਦਰਜ ਕੀਤੀ ਗਈ।


ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਪੈਂਦੀਆਂ ਇਨ੍ਹਾਂ ਸੀਟਾਂ ਲਈ 788 ਉਮੀਦਵਾਰ ਮੈਦਾਨ ਵਿੱਚ ਹਨ। ਪਹਿਲੇ ਪੜਾਅ ਵਿੱਚ ਦੋ ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪਹਿਲੇ ਪੜਾਅ ਦੀਆਂ ਕੁੱਲ 89 ਸੀਟਾਂ ਵਿੱਚੋਂ ਭਾਜਪਾ ਕੋਲ ਸਭ ਤੋਂ ਵੱਧ 58, ਕਾਂਗਰਸ ਕੋਲ 26 ਅਤੇ ਬੀਟੀਪੀ ਕੋਲ 2, ਐਨਸੀਪੀ ਕੋਲ ਇੱਕ ਸੀਟ ਹੈ। ਇਸ ਦੌਰਾਨ ਨਵਸਾਰੀ ਜ਼ਿਲ੍ਹੇ ਦੇ ਵਾਸੰਦਾ ਵਿੱਚ ਕਾਂਗਰਸ ਅਤੇ ਭਾਜਪਾ ਵਰਕਰਾਂ ਵਿੱਚ ਝੜਪ ਹੋ ਗਈ। ਇਸ ‘ਚ ਵਾਸੰਦਾ ਤੋਂ ਭਾਜਪਾ ਉਮੀਦਵਾਰ ਪੀਯੂਸ਼ ਪਟੇਲ ਜ਼ਖਮੀ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਵਾਸੰਦਾ ਕਾਂਗਰਸ ਦਾ ਗੜ੍ਹ ਹੈ। ਕਾਂਗਰਸ ਵੱਲੋਂ ਅਨੰਤ ਪਟੇਲ ਚੋਣ ਮੈਦਾਨ ਵਿੱਚ ਹਨ। ਜਾਮਨਗਰ ਉੱਤਰੀ ਸੀਟ ਤੋਂ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਅਤੇ ਕ੍ਰਿਕਟਰ ਰਵਿੰਦਰ ਜਡੇਜਾ ਨੇ ਰਾਜਕੋਟ ਵਿੱਚ ਵੋਟ ਪਾਈ। ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਸੂਰਤ ਵਿੱਚ ਆਪਣੀ ਵੋਟ ਪਾਈ। ਇਸ ਤੋਂ ਬਾਅਦ ਉਹ ਗਾਂਧੀਨਗਰ ‘ਚ ਚੋਣ ਪ੍ਰਚਾਰ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਵੋਟਰਾਂ ਨੂੰ ਵੱਡੀ ਗਿਣਤੀ ‘ਚ ਵੋਟ ਪਾਉਣ ਦੀ ਅਪੀਲ ਕੀਤੀ।

ਪਹਿਲੇ ਪੜਾਅ ਦੀਆਂ ਕੁੱਲ 89 ਸੀਟਾਂ ਵਿੱਚੋਂ ਛੇ ਤੋਂ ਸੱਤ ਸੀਟਾਂ ਅਜਿਹੀਆਂ ਹਨ ਜਿੱਥੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਭਾਵ ‘ਆਪ’ ਦਾ ਪ੍ਰਭਾਵ ਹੈ। ਇਨ੍ਹਾਂ ਵਿੱਚੋਂ ਛੇ ਸੀਟਾਂ ਸੂਰਤ ਜ਼ਿਲ੍ਹੇ ਦੀਆਂ ਹਨ। ਜਦਕਿ ਇੱਕ ਸੀਟ ਦਵਾਰਕਾ ਜ਼ਿਲ੍ਹੇ ਵਿੱਚ ਹੈ। ਦਵਾਰਕਾ ਦੀ ਖੰਭਾਲੀਆ ਸੀਟ ਤੋਂ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਇਸ਼ੂਦਨ ਗਾਧਵੀ ਚੋਣ ਮੈਦਾਨ ‘ਚ ਹਨ। ਪੁਲ ਹਾਦਸੇ ਕਾਰਨ ਸੁਰਖੀਆਂ ‘ਚ ਆਈਆਂ ਮੋਰਬੀ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਮੋਰਬੀ, ਟੰਕਾਰਾ ਅਤੇ ਵਾਂਕਾਨੇਰ ‘ਤੇ ਅੱਜ ਵੋਟਿੰਗ ਹੋ ਰਹੀ ਹੈ। ਜੇਕਰ ਇਨ੍ਹਾਂ ਸੀਟਾਂ ‘ਤੇ ਜਿੱਤ-ਹਾਰ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 1962 ਤੋਂ ਲੈ ਕੇ ਹੁਣ ਤੱਕ ਭਾਜਪਾ ਛੇ ਵਾਰ ਅਤੇ ਕਾਂਗਰਸ ਪੰਜ ਵਾਰ ਜਿੱਤੀ ਹੈ। ਆਜ਼ਾਦ ਉਮੀਦਵਾਰ ਦੋ ਵਾਰ ਜਿੱਤੇ ਹਨ।


ਪਿਛਲੀਆਂ ਚੋਣਾਂ ਯਾਨੀ 2017 ਦੀ ਗੱਲ ਕਰੀਏ ਤਾਂ ਕਾਂਗਰਸ ਦੀ ਟਿਕਟ ‘ਤੇ ਪਾਟੀਦਾਰ ਪ੍ਰਭਾਵਿਤ ਮੋਰਬੀ ਸੀਟ ਤੋਂ ਜਿੱਤਣ ਵਾਲੇ ਬ੍ਰਜੇਸ਼ ਮੇਰਜਾ ਨੇ ਪਾਰਟੀ ਬਦਲੀ। ਇਸ ਤੋਂ ਬਾਅਦ ਉਹ ਭਾਜਪਾ ਦੀ ਟਿਕਟ ‘ਤੇ ਚੋਣ ਲੜ ਕੇ ਜਿੱਤੇ। ਹਾਲਾਂਕਿ ਇਸ ਵਾਰ ਭਾਜਪਾ ਨੇ ਬ੍ਰਜੇਸ਼ ਮੇਰਜਾ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪੁਲ ਹਾਦਸੇ ‘ਚ ਜਾਨ ਬਚਾਉਣ ਵਾਲੇ ਕਾਂਤੀਲਾਲ ਅੰਮ੍ਰਿਤੀਆ ਨੂੰ ਮੈਦਾਨ ‘ਚ ਉਤਾਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਰਾਜਕੋਟ ਪੱਛਮੀ ‘ਤੇ ਵੀ ਪਹਿਲੇ ਪੜਾਅ ‘ਚ ਵੋਟਿੰਗ ਹੋ ਰਹੀ ਹੈ। ਮੋਦੀ ਨੇ 2002 ‘ਚ ਰਾਜਕੋਟ ਪੱਛਮੀ ਤੋਂ ਚੋਣ ਲੜੀ ਸੀ। ਫਿਰ ਮੋਦੀ 14 ਹਜ਼ਾਰ ਵੋਟਾਂ ਨਾਲ ਜਿੱਤੇ। 2002 ਤੋਂ ਬਾਅਦ ਇਸ ਸੀਟ ਤੋਂ ਭਾਜਪਾ ਤੋਂ ਵਜੂਭਾਈ ਵਾਲਾ ਦੋ ਵਾਰ ਅਤੇ ਭਾਜਪਾ ਤੋਂ ਵਿਜੇ ਰੂਪਾਨੀ ਚੋਣ ਜਿੱਤ ਚੁੱਕੇ ਹਨ। ਲੋਹਾਣਾ, ਬ੍ਰਾਹਮਣਾਂ, ਪਾਟੀਦਾਰਾਂ ਅਤੇ ਜੈਨੀਆਂ ਦੇ ਦਬਦਬੇ ਵਾਲੀ ਇਸ ਸੀਟ ‘ਤੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਡਾ.ਦਰਸ਼ਿਤਾ ਸ਼ਾਹ ਨੂੰ ਮੈਦਾਨ ‘ਚ ਉਤਾਰਿਆ ਹੈ।

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਜਰਾਤ, ਐਂਟੀ ਰੈਡੀਕਲ ਸੈੱਲ ਅਤੇ ਪੀਐਮ ਮੋਦੀ ‘ਤੇ ਕਾਂਗਰਸ ਦੀ ਟਿੱਪਣੀ ਨਾਲ ਜੁੜੇ ਮੁੱਦਿਆਂ ‘ਤੇ ANI ਨਾਲ ਗੱਲਬਾਤ ਕੀਤੀ। ਸ਼ਾਹ ਨੇ ਕਿਹਾ, ‘ਜਦੋਂ ਵੀ ਕਾਂਗਰਸ ਨੇ ਪੀਐਮ ਮੋਦੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਗੁਜਰਾਤ ਦੇ ਲੋਕਾਂ ਨੇ ਬੈਲਟ ਬਾਕਸ ਰਾਹੀਂ ਜਵਾਬ ਦਿੱਤਾ।’ ਇਸ ਦੇ ਨਾਲ ਹੀ ਕਲੋਲ ਵਿੱਚ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਕਾਂਗਰਸ ਦੇ ਦੋਸਤੋ, ਖੁੱਲ੍ਹੇ ਕੰਨਾਂ ਨਾਲ ਸੁਣੋ, ਲੋਕਤੰਤਰ ਵਿੱਚ ਵਿਸ਼ਵਾਸ ਅਤੇ ਅਵਿਸ਼ਵਾਸ ਤੁਹਾਡਾ ਵਿਸ਼ਾ ਹੈ, ਪਰਿਵਾਰ ਲਈ ਰਹਿਣਾ ਤੁਹਾਡੀ ਮਰਜ਼ੀ ਹੈ, ਪਰ ਇੱਕ ਗੱਲ ਲਿਖੋ, ਜਿੰਨਾ ਜ਼ਿਆਦਾ ਜਿੰਨਾ ਤੁਸੀਂ ਚਿੱਕੜ ਸੁੱਟੋਗੇ, ਓਨਾ ਹੀ ਕਮਲ ਖਿੜ ਜਾਵੇਗਾ।

error: Content is protected !!