ਜੰਗਲਾਤ ਘੁਟਾਲੇ ‘ਚ ਘਿਰਿਆ ਸਾਬਕਾ ਕਾਂਗਰਸੀ ਮੰਤਰੀ ਕਰ ਰਿਹਾ ਸੀ ਅਮਰੀਕਾ ਜਾਣ ਦੀ ਤਿਆਰੀ, ਅਦਾਲਤ ਨੇ ਜਮ੍ਹਾਂ ਕਰਵਾ ਲਿਆ ਪਾਸਪੋਰਟ

ਜੰਗਲਾਤ ਘੁਟਾਲੇ ‘ਚ ਘਿਰਿਆ ਸਾਬਕਾ ਕਾਂਗਰਸੀ ਮੰਤਰੀ ਕਰ ਰਿਹਾ ਸੀ ਅਮਰੀਕਾ ਜਾਣ ਦੀ ਤਿਆਰੀ, ਅਦਾਲਤ ਨੇ ਜਮ੍ਹਾਂ ਕਰਵਾ ਲਿਆ ਪਾਸਪੋਰਟ

ਚੰਡੀਗੜ੍ਹ (ਵੀਓਪੀ ਬਿਊਰੋ) ਚੰਨੀ ਸਰਕਾਰ ਸਮੇਂ ਸਾਢੇ 3 ਮਹੀਨੇ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਦਾਲਤ ਨੇ ਪੰਜਾਬ ਦੇ ਜੰਗਲਾਤ ਘੁਟਾਲੇ ਦੇ ਦੋਸ਼ੀ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਗਿਲਜੀਆਂ ਦੇ ਅਮਰੀਕਾ ਫਰਾਰ ਹੋਣ ਦੀ ਸੰਭਾਵਨਾ ਜਤਾਈ ਸੀ। ਇਸ ‘ਤੇ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਹੈ। ਜਦਕਿ ਦੱਸਿਆ ਗਿਆ ਕਿ ਗਿਲਜੀਆਂ ਨੇ ਅਮਰੀਕਾ ਜਾਣ ਲਈ ਟਿਕਟਾਂ ਵੀ ਬੁੱਕ ਕਰਵਾ ਲਈਆਂ ਹਨ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਣੀਆਂ ਤੈਅ ਹਨ।

ਇਸ ਤੋਂ ਪਹਿਲਾਂ ਮੁਲਜ਼ਮ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਚੰਡੀਗੜ੍ਹ ਦੇ ਸੈਕਟਰ 37 ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਮੁਲਜ਼ਮ ਗਿਲਜੀਆਂ ਦੀ ਗ੍ਰਿਫ਼ਤਾਰੀ ’ਤੇ ਅਦਾਲਤ ਵੱਲੋਂ ਰੋਕ ਲਾ ਦਿੱਤੀ ਗਈ ਹੈ। ਗਿਲਜੀਆਂ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਜੰਗਲਾਤ ਮੰਤਰੀ ਰਹਿ ਚੁੱਕੇ ਹਨ। ਉਸ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ।

ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਗਿਲਜੀਆਂ ਨੂੰ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ। ਦਲਜੀਤ ਸਿੰਘ ਨੂੰ ਵੀ ਇਸੇ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਵਿਜੀਲੈਂਸ ਸੂਤਰਾਂ ਅਨੁਸਾਰ ਦਲਜੀਤ ਸਿੰਘ ਗਿਲਜੀਆਂ ਸੰਗਤ ਸਿੰਘ ਗਿਲਜੀਆਂ ਦਾ ਸਾਰਾ ਕੰਮ ਦੇਖਦਾ ਸੀ। ਵਿਜੀਲੈਂਸ ਨੂੰ ਸ਼ੱਕ ਹੈ ਕਿ ਦਲਜੀਤ ਗਿਲਜੀਆਂ ਦੇ ਕਮਿਸ਼ਨ ਦਾ ਕੰਮ ਸੰਭਾਲ ਰਿਹਾ ਸੀ।

error: Content is protected !!