ਡੇਰਾ ਸੱਚਾ ਸੌਦਾ ਮੁਖੀ ਨੂੰ ਮਿਲੀ ਪੈਰੋਲ, ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਕਿਉਂ ਚੁੱਪ ਰਹੇ : ਜਸਮੀਤ ਸਿੰਘ ਪੀਤਮਪੁਰਾ

ਡੇਰਾ ਸੱਚਾ ਸੌਦਾ ਮੁਖੀ ਨੂੰ ਮਿਲੀ ਪੈਰੋਲ, ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਕਿਉਂ ਚੁੱਪ ਰਹੇ : ਜਸਮੀਤ ਸਿੰਘ ਪੀਤਮਪੁਰਾ

ਨਵੀਂ ਦਿੱਲੀ, 23 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਯੂਥ ਆਗੂ ਜਸਮੀਤ ਸਿੰਘ (ਪੀਤਮਪੁਰਾ) ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਰੀ-ਪੈਰੋਲ ‘ਤੇ ਦੇਸ਼ ਦੇ ਕਾਨੂੰਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਦੇਸ਼ ‘ਚ ਅਜਿਹਾ ਲੱਗਦਾ ਹੈ ਕਿ ਦੋ ਕਾਨੂੰਨ ਹਨ ਜੋ ਕੰਮ ਕਰ ਰਹੇ ਹਨ, ਸ਼ਾਇਦ ਇਸੇ ਕਾਰਨ ਗੰਭੀਰ ਦੋਸ਼ਾਂ ਵਿਚ ਸਜ਼ਾ ਕੱਟ ਰਹੇ ਅਪਰਾਧੀ ਪੈਰੋਲ ‘ਤੇ ਬਾਹਰ ਆ ਜਾਂਦੇ ਹਨ, ਪਰ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਕਈ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਤੇ ਨਾ ਹੀ ਪੈਰੋਲ ਦਿੱਤੀ ਜਾਂਦੀ ਹੈ।

ਸ: ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਪਰ ਹੋਰ ਵੀ ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਸੁਖਦੇਵ ਸਿੰਘ ਢੀਂਡਸਾ, ਮਨਜਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ ਵਰਗੇ ਲੋਕ ਜੋ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹਨ, ਉਹ ਸਭ ਕੁਝ ਮੂੰਹ ‘ਤੇ ਤਾਲੇ ਲਗਾ ਕੇ ਦੇਖਦੇ ਰਹਿੰਦੇ ਹਨ, ਪਰ ਓਹ ਵੀਂ ਇਸ ਮਸਲੇ ਤੇ ਬੋਲਣ ਹਿੰਮਤ ਨਹੀਂ ਕਰਦੇ ਹਨ । ਉਨ੍ਹਾਂ ਕਿਹਾ, ਮੈਂ ਇਨ੍ਹਾਂ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੌਮ ਨੂੰ ਹੋਰ ਧੋਖਾ ਨਾ ਦੇਣ, ਜਾਂ ਤਾਂ ਪੰਥ ਦੇ ਆਗੂ ਦਾ ਨਕਾਬ ਉਤਾਰ ਦੇਣ ਜਾਂ ਫਿਰ ਪੰਥ ਦੇ ਮੁੱਦਿਆਂ ‘ਤੇ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਸਰਕਾਰ ਅਤੇ ਕਾਨੂੰਨ ਵਿਵਸਥਾ ਵਿਰੁੱਧ ਆਵਾਜ਼ ਬੁਲੰਦ ਕਰਨ।

ਸ: ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਸਾਡੀ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ ਅਤੇ ਇਸ ਪ੍ਰਤੀ ਰੋਸ ਪ੍ਰਗਟ ਕਰ ਰਹੇ ਹਨ ਅਤੇ ਜਲਦੀ ਹੀ ਇਹ ਮੁੱਦਾ ਦੇਸ਼ ਦੇ ਕਾਨੂੰਨ ਮੰਤਰੀ ਕੋਲ ਉਠਾਇਆ ਜਾਵੇਗਾ ।

error: Content is protected !!