ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅਸਤੀਫਾ ਦੇਣ ਨਾਲ ‘ਆਪ’ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਇੱਕ ਵਾਰ ਫਿਰ ਹੋਇਆ ਬੇਨਕਾਬ: ਭਾਜਪਾ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੇ ਆਮ ਆਦਮੀ ਪਾਰਟੀ ਦਾ ਪੰਜਾਬ ਅਤੇ ਪੰਜਬੀਅਤ ਵਿਰੋਧੀ ਅਤੇ ਬੇਅਦਬੀ ਮਾਮਲੇ ‘ਚ ਸਰਕਾਰ ਵਲੋਂ ਦਿੱਤੇ ਭਰੋਸੇ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਬ ਦੇ ਸਾਹਮਣੇ ਆ ਗਿਆ ਹੈ। ਕੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਨ ਲਈ ਪਿਛਲੀ ਸਰਕਾਰ ‘ਚ ਕੰਮ ਕਰਦੇ ਰਹੇ ਸਨ। ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿਉਂਕਿ ਆਮ ਆਦਮੀ ਪਾਰਟੀ ਬੇਅਦਬੀ ਦੇ ਜਜ਼ਬਾਤੀ ’ਤੇ ਸੰਵੇਦਨਸ਼ੀਲ ਮੁੱਦੇ ਦੇ ਆਧਾਰ ’ਤੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਵਿੱਚ ਆਈ ਸੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਵਾਰ-ਵਾਰ ਆਨ ਰਿਕਾਰਡ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨਸਾਫ਼ ਕੀਤਾ ਜਾਵੇਗਾ। ਉਂਜ ਅੱਜ ਸਥਿਤੀ ਇਹ ਹੈ ਕਿ ‘ਆਪ’ ਸਰਕਾਰ ਵੱਲੋਂ ਆਪਣੀ ਹੀ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿੱਚੋਂ ਆਪਣੇ ਹੀ ਵਿਧਾਇਕ ਦੇ ਅਸਤੀਫ਼ੇ ਕਾਰਨ ਭਗਵੰਤ ਮਾਨ ਸਰਕਾਰ ਦੀ ਮਂਸ਼ਾ ਜੱਗ ਜਾਹਰ ਹੋ ਗਈ ਹੈ। ਭਾਜਪਾ ਹਮੇਸ਼ਾ ਕਹਿੰਦੀ ਰਹੀ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੇ ਸਿਆਸੀ ਲਾਹੇ ਅਤੇ ਝੂਠੇ ਪ੍ਰਚਾਰ ਨਾਲ ਚੋਣਾਂ ਜਿੱਤਣ ਲਈ ਕਿਸੇ ਵੀ ਹੇਠਲੇ ਪੱਧਰ ਤੱਕ ਜਾ ਸਕਦੇ ਹਨ। ਬਦਕਿਸਮਤੀ ਨਾਲ ‘ਆਪ’ ਸੁਪਰੀਮੋ ਅਤੇ ਉਸਦੀ ਪਾਰਟੀ ਵੀ ਧਰਮ ਦੀ ਰਾਜਨੀਤੀ ਕਰਦੀ ਹੈ।


