ਏਐੱਸਆਈ ਦੀ ਵਿਗੜੀ ਔਲਾਦ ਦਾ ਕਾਰਾ; ਨਸ਼ੇ ਦੀ ਹਾਲਤ ‘ਚ ਕਿਸੇ ਦੇ ਘਰ ਵਾੜ’ਤੀ ਕਾਰ, 6 ਸਾਲ ਦਾ ਬੱਚਾ ਜ਼ਖਮੀ

ਏਐੱਸਆਈ ਦੀ ਵਿਗੜੀ ਔਲਾਦ ਦਾ ਕਾਰਾ; ਨਸ਼ੇ ਦੀ ਹਾਲਤ ‘ਚ ਕਿਸੇ ਦੇ ਘਰ ਵਾੜ’ਤੀ ਕਾਰ, 6 ਸਾਲ ਦਾ ਬੱਚਾ ਜ਼ਖਮੀ

ਕਪੂਰਥਲਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੇ ਏਐਸਆਈ ਦੇ ਐਨਆਰਆਈ ਪੁੱਤਰ ਨੇ ਵੀਰਵਾਰ ਦੇਰ ਸ਼ਾਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕੂਕਾਂ ਵਿੱਚ ਸ਼ਰਾਬੀ ਹਾਲਤ ਵਿੱਚ ਆਪਣੀ ਤੇਜ਼ ਰਫ਼ਤਾਰ ਐਕਸਯੂਵੀ ਗੱਡੀ ਕਿਸੇ ਦੇ ਘਰ ਵਾੜ ਦਿੱਤੀ। ਇਸ ਦੀ ਲਪੇਟ ‘ਚ ਆਉਣ ਨਾਲ ਛੇ ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜਲੰਧਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਗੱਡੀ ਨੂੰ ਕਬਜ਼ੇ ‘ਚ ਲੈ ਲਿਆ ਹੈ। ਕਾਰ ‘ਚੋਂ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਬਰਾਮਦ ਹੋਈ ਹੈ। ਪੁਲਿਸ ਥਾਣਾ ਬੇਗੋਵਾਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਬੇਗੋਵਾਲ ਦੇ ਐਸਐਚਓ ਦੀਪਕ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਕਰੀਬ 7 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਕੂਕਾਂ ਵਿੱਚ ਐਨਆਰਆਈ ਪ੍ਰੀਤਮ ਸਿੰਘ ਦੇ ਘਰ ਕਿਰਾਏ ’ਤੇ ਰਹਿੰਦੇ ਪਰਮਜੀਤ ਸਿੰਘ ਦੇ ਘਰ ਇੱਕ ਐਕਸਯੂਵੀ ਗੱਡੀ ਗੇਟ ਦਾ ਤਾਲਾ ਤੋੜ ਕੇ ਦਾਖ਼ਲ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਨੰਗਲ ਲੁਬਾਣਾ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਸਰਬਜੀਤ ਸਿੰਘ ਗੇਟ ਦਾ ਤਾਲਾ ਤੋੜ ਕੇ ਤੇਜ਼ ਰਫਤਾਰ ਨਾਲ ਘਰ ‘ਚ ਦਾਖਲ ਹੋਇਆ |

ਦੋਸ਼ੀ ਨੌਜਵਾਨ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ, ਜਿਸ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਐਸਐਚਓ ਅਨੁਸਾਰ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਗੱਡੀ ਏਐਸਆਈ ਮਨਜੀਤ ਸਿੰਘ ਦੀ ਹੈ। ਕਾਰ ‘ਚੋਂ ਉਸ ਦੀ ਵਰਦੀ ਵੀ ਬਰਾਮਦ ਹੋਈ ਹੈ। ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਡਾਲਾ ਜ਼ੋਨ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਗੱਡੀ ਬਹੁਤ ਤੇਜ਼ ਸੀ ਅਤੇ ਉਸ ’ਤੇ ਪੁਲਿਸ ਦਾ ਸਟਿੱਕਰ ਵੀ ਲੱਗਾ ਹੋਇਆ ਸੀ।

error: Content is protected !!