ਭੇਸ ਬਦਲ ਕੇ ਫਰਾਰ ਹੋਇਆ ਅੰਮ੍ਰਿਤਪਾਲ : ਆਈਜੀ, ਪ੍ਰੈਸ ਕਾਨਫਰੰਸ ਕਰ ਕੇ ਕੀਤੇ ਕਈ ਖੁਲਾਸੇ, ਜਾਰੀ ਕੀਤੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ

ਭੇਸ ਬਦਲ ਕੇ ਫਰਾਰ ਹੋਇਆ ਅੰਮ੍ਰਿਤਪਾਲ : ਆਈਜੀ, ਪ੍ਰੈਸ ਕਾਨਫਰੰਸ ਕਰ ਕੇ ਕੀਤੇ ਕਈ ਖੁਲਾਸੇ, ਜਾਰੀ ਕੀਤੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ

ਵੀਓਪੀ ਬਿਊਰੋ – ਅੰਮ੍ਰਿਤਪਾਲ ਸਿੰਘ ਦੀ ਫ਼ਰਾਰ ਹੋਣ ਜਾਂ ਗ੍ਰਿਫ਼ਤਾਰੀ ਨੂੰ ਲੈ ਕੇ ਹਾਲੇ ਵੀ ਸ਼ਸ਼ੋਪੰਜ ਬਣਿਆ ਹੋਇਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਫ਼ਰਾਰ ਹੋ ਗਿਆ ਹੈ ਜਦਕਿ ਪਰਿਵਾਰ ਨੇ ਪੁਲਿਸ ਉਤੇ ਦੋਸ਼ ਲਾਏ ਹਨ ਕਿ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਪੁਲਿਸ ਇਹ ਗੱਲ ਜਨਤਕ ਨਹੀਂ ਕਰ ਰਹੀ।


ਉਧਰ, ਆਈਜੀ ਸੁਖਚੈਨ ਸਿੰਘ ਗਿੱਲ ਨੇ ਮੁੜ ਤੋਂ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਜਾਣਕਾਰੀ ਦਿੱਤੀ ਹੈ। ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਫਰਾਰ ਹੋਣ ਤੋਂ ਪਹਿਲਾਂ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਨੇ ਕੱਪੜੇ ਬਦਲੇ, ਚੋਲਾ ਉਤਾਰਿਆ ਤੇ ਪੈਂਟ ਸ਼ਰਟ ਪਾ ਕੇ ਭੇਸ ਬਦਲਿਆ ਤੇ ਫਰਾਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਫੜੇ ਗਏ ਚਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਈ ਹੈ।
ਆਈਜੀ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਸਾਥੀਆਂ ਨਾਲ 2 ਬਾਈਕਾਂ ਉਤੇ ਸਵਾਰ ਹੋ ਕੇ ਭੱਜ ਗਿਆ। ਉਸ ਨਾਲ 3 ਲੋਕ ਹੋਰ ਵੀ ਸਨ। ਬ੍ਰੈਜ਼ਾ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ, ਜਿਸ ਵਿਚੋਂ ਹਥਿਆਰ ਬਰਾਮਦ ਕੀਤੇ ਗਏ ਹਨ। ਕੱਪੜੇ ਬਦਲ ਕੇ ਅੰਮ੍ਰਿਤਪਾਲ ਸਿੰਘ ਕਿਸ ਦਿਸ਼ਾ ਵੱਲ ਗਿਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

———-
ਪੁਲਿਸ ਨੇ ਜਾਰੀ ਕੀਤੀਆਂ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ


ਆਈਜੀ ਗਿੱਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੁਝ ਸੀਸੀਟੀਵੀ ਫੁਟੇਜ ਤੇ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ। ਸੀਟੀਵੀ ਫੁਟੇਜ ਵਿਚ 5 ਗੱਡੀਆਂ ਦਾ ਕਾਫਲਾ ਦਿਖਿਆ ਹੈ। ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਇਕ ਟੋਲ ਪਲਾਜ਼ਾ ਪਾਰ ਕਰਦੇ ਸਮੇਂ ਇਕ ਕਾਰ ਵਿਚ ਦੇਖਿਆ ਗਿਆ ਹੈ। ਕਾਰ ਵਿਚ ਅੰਮ੍ਰਿਤਪਾਲ ਸਿੰਘ ਗੱਡੀ ਦੀ ਅਗਲੀ ਸੀਟ ਉਤੇ ਬੈਠਾ ਦੇਖਿਆ ਜਾ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੀ ਇਹ ਸੀਸੀਟੀਵੀ ਫੁਟੇਜ ਸ਼ਨੀਵਾਰ ਨੂੰ ਜਲੰਧਰ ਦੇ ਇਕ ਟੋਲ ਬੂਥ ਪਲਾਜ਼ਾ ਦੀ ਹੈ, ਜਦੋਂ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਕਾਰਵਾਈ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜਾਬ ਦੇ ਆਈਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਨੇ ਭੱਜਣ ਲਈ ਵੱਖ-ਵੱਖ ਗੱਡੀਆਂ ਵਰਤੀਆਂ ਹਨ। ਉਸ ਨੇ ਆਪਣੇ ਭੇਸ ਵੀ ਬਦਲਿਆ ਹੈ ਉਸ ਦੇ ਕੱਪੜੇ ਬਰਾਮਦ ਕੀਤੇ ਗਏ ਹਨ। ਪੁਲਿਸ ਹੁਣ ਛੇਤੀ ਹੀ ਉਸ ਨੂੰ ਕਾਬੂ ਕਰ ਲਵੇਗੀ।

error: Content is protected !!