ਪੰਜਾਬ ਦੇ ਰੈਵਨਿਊ ਵਿੱਚ ਭਾਰੀ ਵਾਧਾ,  ਰਿਪੋਰਟ ਕਾਰਡ ਪੇਸ਼ ਕਰਦਿਆਂ ਸੀਐਮ ਮਾਨ ਨੇ ਕਿਹਾ, ਨੌਕਰੀਆਂ ਵੀ ਮਿਲਣਗੀਆਂ ਤੇ ਤਨਖਾਹਾਂ ਵੀ, ਜਾਣੋ ਕਿਹੜੇ ਵਿਭਾਗ ਤੋਂ ਕਿੰਨੀ ਹੋਈ ਕਮਾਈ

ਪੰਜਾਬ ਦੇ ਰੈਵਨਿਊ ਵਿੱਚ ਭਾਰੀ ਵਾਧਾ,  ਰਿਪੋਰਟ ਕਾਰਡ ਪੇਸ਼ ਕਰਦਿਆਂ ਸੀਐਮ ਮਾਨ ਨੇ ਕਿਹਾ, ਨੌਕਰੀਆਂ ਵੀ ਮਿਲਣਗੀਆਂ ਤੇ ਤਨਖਾਹਾਂ ਵੀ, ਜਾਣੋ ਕਿਹੜੇ ਵਿਭਾਗ ਤੋਂ ਕਿੰਨੀ ਹੋਈ ਕਮਾਈ

ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਸੂਬੇ ਦੇ ਰੈਵੇਨਿਊ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਵਿਚ ਸੂਬਾ ਸਰਕਾਰ ਨੂੰ ਹੋਈ ਕਮਾਈ ਦੇ ਅੰਕੜੇ ਪੇਸ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਅਤ ਸਾਫ ਹੈ ਤਾਂ ਹੀ ਇਹ ਸੰਭਵ ਹੋ ਸਕਿਆ ਹੈ। ਪਿਛਲੀਆਂ ਸਰਕਾਰਾਂ ਨੇ ਮਾਫੀਏ ਪਾਲ ਰੱਖੇ ਸਨ ਤਾਂ ਹੀ ਵਾਧੇ ਜਗ੍ਹਾ ਘਾਟਾ ਪੈਂਦਾ ਰਿਹਾ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਵਾਰ ਓਵਰਆਲ 8841 ਕਰੋੜ ਰੁਪਏ ਦਾ ਰੈਵੇਨਿਊ ਇਕੱਠਾ ਹੋਇਆ ਹੈ। ਪਿਛਲੀ ਵਾਰ ਨਾਲੋਂ ਇਹ 2587 ਕਰੋੜ ਰੁਪਏ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2023-24 ਵਿਚ ਸਾਡਾ ਟੀਚਾ 10 ਹਜ਼ਾਰ ਕਰੋੜ ਦੇ ਰੈਵੇਨਿਊ ਦਾ ਹੈ। ਜੋ ਸਮੇਂ ਤੋਂ ਪਹਿਲਾਂ ਵੀ ਹਾਸਲ ਕੀਤਾ ਜਾ ਸਕਦਾ ਸੀ ਪਰ ਪਿਛਲੀਆਂ ਸਰਕਾਰਾਂ ਦੌਰਾਨ ਇਹ ਰਾਸ਼ੀ ਨੇਤਾਵਾਂ ਜਾਂ ਉਨ੍ਹਾਂ ਦੇ ਚਹੇਤਿਆਂ ਦੇ ਘਰਾਂ ਵਿਚ ਜਾਂਦੀ ਰਹੀ। ਉਧਰ, ਟਰਾਂਸਪੋਰਟ ਵਿਭਾਗ ਵਿੱਤੀ ਸਾਲ 22-23 ਦੌਰਾਨ 4139 ਕਰੋੜ ਦਾ ਰੈਵਨਿਊ ਇਕੱਠਾ ਹੋਇਆ ਹੈ। ਪਿਛਲੀ ਸਰਕਾਰ ਦੇ ਆਖਰੀ ਸਾਲ ਨਾਲੋਂ 661 ਕਰੋੜ ਦਾ ਵਾਧਾ ਦਰਜ ਹੋਇਆ ਹੈ।

GST ਕੁਲੈਕਸ਼ਨ ਵਿਚ 16.6 ਫ਼ੀਸਦੀ ਵਾਧਾ

ਸੀਐਮ ਮਾਨ ਨੇ ਪੰਜਾਬ ਦੀ ਜੀਐਸਟੀ ਕੁਲੈਕਸ਼ਨ ਵਿਚ ਹੋਏ ਵਾਧੇ ਬਾਰੇ ਦੱਸਿਆ ਕਿ ਪੰਜਾਬ ਦੀ GST ਦੀ ਕੁਲੈਕਸ਼ਨ ਵਿਚ ਪਿਛਲੇ ਸਾਲਾਂ ਨਾਲੋਂ 16.6% ਦਾ ਵਾਧਾ ਦਰਜ ਕੀਤਾ ਹੈ ਗਿਆ ਹੈ। ਸਾਲ 22-23 ਦੀ GST ਕੁਲੈਕਸ਼ਨ 18,126 ਕਰੋੜ ਹੈ। ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ਜੀਐਸਟੀ ਕੁਲੈਕਸ਼ਨ ਵਿਚ ਹੇਠਾਂ ਤੋਂ ਪਹਿਲੇ ਦੂਜੇ ਸਥਾਨ ਉਤੇ ਆਉਂਦਾ ਰਿਹਾ ਹੈ ਪਰ ਆਪ ਸਰਕਾਰ ਦੇ ਸਮੇਂ ਹੁਣ ਅਸੀਂ ਮੂਹਰਲੇ ਸੂਬਿਆਂ ਦੀ ਕਤਾਰ ਵਿਚ ਪੰਜਾਬ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਬਿਜਲੀ ਬੋਰਡ ਨੂੰ ਘਾਟੇ ਵਿਚੋਂ ਕੱਢ ਰਹੇ ਬਾਹਰ

ਪ੍ਰੈਸ ਕਾਨਫਰੰਸ ਦੌਰਾਨ ਮਾਨ ਨੇ ਦੱਸਿਆ ਕਿ ਬਿਜਲੀ ਬੋਰਡ ਨੂੰ ਘਾਟੇ ਵਿਚੋਂ ਬਾਹਰ ਕੱਢ ਰਹੇ ਹਾਂ। ਬੋਰਡ ਦੀ ਸਰਕਾਰ ਵੱਲ 20 ਹਜ਼ਾਰ ਕਰੋੜ ਦੀ ਦੇਣਦਾਰੀ ਅਸੀਂ ਦੇ ਦਿੱਤੀ ਹੈ। ਕਾਂਗਰਸ ਵੱਲੋਂ ਵਿਰਸੇ ‘ਚ ਦਿੱਤੇ ਸਾਨੂੰ 9000 ਕਰੋੜ ਦੀ ਪਹਿਲੀ ਕਿਸ਼ਤ ਵਿਆਜ ਸਮੇਤ ਵੀ ਅਸੀਂ ਬਿਜਲੀ ਬੋਰਡ ਨੂੰ ਦੇ ਚੁੱਕੇ ਹਾਂ। ਨਵੇਂ ਗਰਿੱਡ ਵੀ ਬਣਨਗੇ ਤੇ ਨੌਕਰੀਆਂ ਤੇ ਤਨਖਾਹਾਂ ਵੀ ਦੇਵਾਂਗੇ। ਬਿਜਲੀ ਸਬਸਿਡੀ ਤਹਿਤ ਬਿਜਲੀ ਬੋਰਡ ਨੂੰ ਖੇਤੀਬਾੜੀ ਸਬਸਿਡੀ ਲਈ 9063 ਕਰੋੜ ਤੇ ਘਰੇਲੂ ਬਿਜਲੀ ਲਈ 8225 ਕਰੋੜ ਦਾ ਭੁਗਤਾਨ ਅਸੀਂ ਬਿਜਲੀ ਬੋਰਡ ਨੂੰ ਕਰ ਚੁੱਕੇ ਹਾਂ।ਆਉਣ ਵਾਲੇ ਸਮੇਂ ‘ਚ ਵੀ ਬਿਜਲੀ ਦੀ ਸਮੱਸਿਆ ਨਹੀਂ ਆਉਣ ਦੇਵਾਂਗੇ।


ਸਟੈਂਪ ਡਿਊਟੀ ਘਟਾਉਣ ਨਾਲ ਮਾਲੀਏ ਵਿਚ ਇਕੱਲੇ ਮਾਰਚ ਮਹੀਨੇ 78 ਫ਼ੀਸਦੀ ਹੋਇਆ ਵਾਧਾ

ਮਾਨ ਨੇ ਦੱਸਿਆ ਕਿ ਪੰਜਾਬ ਵਿਚ ਜ਼ਮੀਨ ਦੀ ਰਜਿਸਟਰੀ ਵੇਲੇ ਸਟੈਂਪ ਡਿਊਟੀ ਦੀ ਫੀਸ ਵਿਚ ਅਸੀਂ 2.25 % ਛੋਟ ਦਿੱਤੀ ਸੀ। ਸਕੀਮ ਸਦਕਾ ਇਕੱਲੇ ਮਾਰਚ ਵਿਚ ਮਾਲੀਏ ਵਿਚ 78% ਦਾ ਵਾਧਾ ਹੋਇਆ। ਹੁਣ ਅਸੀਂ ਇਹ ਸਕੀਮ 30 ਅਪ੍ਰੈਲ ਤੱਕ ਵਧਾ ਦਿੱਤੀ ਹੈ ਤਾਂ ਜੋ ਲੋਕ ਹੋਰ ਲਾਭ ਲੈ ਸਕਣ।

error: Content is protected !!