ਪੰਜਾਬ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਉਤੇ ਸਿਆਸਤ ਵਿਚ ਹੰਗਾਮਾ, ਸੁਖਪਾਲ ਖਹਿਰਾ ਤੇ ਸਿਰਸਾ ਦਾ ਦਾਅਵਾ ਮੰਤਰੀ ਨੇ ਦਿੱਤਾ ਅਸਤੀਫਾ, ਮਾਨ ਨੇ ਦਿੱਤੇ ਠੋਕਵੇਂ ਜਵਾਬ

ਪੰਜਾਬ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਉਤੇ ਸਿਆਸਤ ਵਿਚ ਹੰਗਾਮਾ, ਸੁਖਪਾਲ ਖਹਿਰਾ ਤੇ ਸਿਰਸਾ ਦਾ ਦਾਅਵਾ ਮੰਤਰੀ ਨੇ ਦਿੱਤਾ ਅਸਤੀਫਾ, ਮਾਨ ਨੇ ਦਿੱਤੇ ਠੋਕਵੇਂ ਜਵਾਬ

ਵੀਓਪੀ ਬਿਊਰੋ, ਜਲੰਧਰ : ਬੀਤੇ ਕੱਲ੍ਹ ਤੋਂ ਇਕ ਕੈਬਨਿਟ ਮੰਤਰੀ ਦੀਆਂ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਸਿਆਸਤ ਭਖੀ ਪਈ ਹੈ। ਜਲੰਧਰ ਚੋਣ ਦੇ ਸਮੇਂ ਦੌਰਾਨ ਇਹ ਮੁੱਦਾ ਕਾਫੀ ਉਛਾਲਿਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਕੈਬਨਿਟ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਥੋਂ ਤਕ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੰਤਰੀ ਅਸਤੀਫਾ ਦੇ ਚੁੱਕੇ ਹਨ ਪਰ ਮੁੱਖ ਮੰਤਰੀ ਮਾਨ ਨੇ ਜਵਾਬ ਦਿੰਦਿਆਂ ਇਸ ਗੱਲ ਨੂੰ ਨਕਾਰ ਦਿੱਤਾ ਹੈ।
ਬੀਤੇ ਕੱਲ੍ਹ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੇ ਗਏ ਟਵੀਟ ਕਰ ਕੇ ਇਕ ਕੈਬਨਿਟ ਮੰਤਰੀ ਦਾ ਨਾਂ ਲੈ ਕੇ ਕਿਹਾ ਗਿਆ ਸੀ ਕਿ ਕੈਬਨਿਟ ਮੰਤਰੀ ਦੀ ਇਕ ਅਸ਼ਲੀਲ ਵੀਡੀਓ ਰਾਜਪਾਲ ਪੰਜਾਬ ਨੂੰ ਸੌਂਪ ਦਿੱਤੀ ਗਈ ਹੈ। ਉਕਤ ਮੰਤਰੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਮਾਨ ਜਲਦ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਨਗੇ।
ਉਧਰ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਸੌਂਪ ਕੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਖਹਿਰਾ ਨੇ ਰਾਜਪਾਲ ਨੂੰ ਦੱਸਿਆ ਕਿ ਇਕ ਵੀਡੀਓ ਚਾਰ ਮਿੰਟ ਤੇ ਦੂਸਰੀ ਅੱਠ ਮਿੰਟ ਦੀ ਹੈ, ਇਹ ਸ਼ਿਕਾਇਤ ਪੰਜਾਬ ਪੁਲਿਸ ਨੂੰ ਸੌਂਪੀ ਜਾ ਸਕਦੀ ਸੀ ਪਰ ਪੁਲਿਸ ਨੇ ਇਹ ਮਾਮਲਾ ਦਬਾਅ ਦੇਣਾ ਸੀ।
ਯਾਦ ਰਹੇ, ਸੁਖਪਾਲ ਖਹਿਰਾ ਨੇ ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਨ ਦੀ ਸ਼ਿਕਾਇਤ ਵੀ ਕੀਤੀ ਹੈ। ਖਹਿਰਾ ਨੇ ਕਟਾਰੂਚੱਕ ’ਤੇ ਆਪਣੇ ਬੇਟੇ, ਭਾਣਜੇ ਤੇ ਇਕ ਹੋਰ ਨਜ਼ਦੀਕੀ ਨੂੰ ਨਿੱਜੀ ਸਟਾਫ ਵਿਚ ਰੱਖਣ ਦੇ ਦੋਸ਼ ਲਾਏ ਹਨ। ਖਹਿਰਾ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਵਿੱਚੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਭਰਤੀ ਕਰ ਕੇ ਤਨਖਾਹ ਦੇਣਾ ਇਹ ਹਿੱਤ ਦਾ ਟਕਰਾਅ ਦਾ ਮਾਮਲਾ ਬਣਦਾ ਹੈ। ਇਸ ਲਈ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ।

ਸਿਰਸਾ ਤੇ ਖਹਿਰਾ ਉਤੇ ਵਰ੍ਹੇ ਮੁੱਖ ਮੰਤਰੀ ਮਾਨ
ਮਨਜਿੰਦਰ ਸਿਰਸਾ ਦੇ ਟਵੀਟ ‘ਤੇ ਪੁੱਛੇ ਗਏ ਸਵਾਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ, ਸਿਰਸਾ ਨੇ ਟਵੀਟ ਕਰਦੇ ਹੋਏ ਮੰਤਰੀ ਕਟਾਰੂਚੱਕ ਦੇ ਅਸਤੀਫੇ ਦੀ ਗੱਲ ਕੀਤੀ ਹੈ। ਅੱਜ ਜਦੋਂ ਮੀਡੀਆ ਨੇ ਇਸ ਟਵੀਟ ਬਾਰੇ ਪੁੱਛਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲਾਲਚੰਦ ਕਟਾਰੂਚੱਕ ਦਾ ਅਸਤੀਫਾ ਉਨ੍ਹਾਂ ਕੋਲ ਨਹੀਂ, ਮਨਜਿੰਦਰ ਸਿੰਘ ਸਿਰਸਾ ਕੋਲ ਆਇਆ ਹੋਵੇਗਾ ਤੇ ਨਾ ਹੀ ਉਨ੍ਹਾਂ ਕੋਲ ਕੋਈ ਵੀਡੀਓ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਨਜਿੰਦਰ ਸਿਰਸਾ ਅਸਤੀਫਾ ਦੇਣ ਵਿੱਚ ਬਹੁਤ ਮਾਹਿਰ ਹੈ।ਉਨ੍ਹਾਂ ਕਿਹਾ ਕਿ ਅਸਲ ਵਿੱਚ ਜਲੰਧਰ ਉਪ ਚੋਣ ਵਿੱਚ ‘ਆਪ’ ਨੂੰ ਮਿਲ ਰਹੇ ਸਮਰਥਨ ਤੋਂ ਵਿਰੋਧੀ ਪੂਰੀ ਤਰ੍ਹਾਂ ਬੌਖਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ, ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੁਖਪਾਲ ਖਹਿਰਾ ‘ਤੇ ਜ਼ੁਬਾਨੀ ਹਮਲੇ ਵੀ ਕੀਤੇ। ਖਹਿਰਾ ਵੱਲੋਂ ਕਟਾਰੂਚੱਕ ਸਬੰਧੀ ਉਠਾਏ ਜਾ ਰਹੇ ਸਵਾਲਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਨੂੰ ਪੁੱਛੋ ਕਿ ਪੰਜਾਬ ਜਮਹੂਰੀ ਗਠਜੋੜ ਦੌਰਾਨ ਕਿਸ ਦੀ ਪ੍ਰਧਾਨਗੀ ਹੇਠ ਕਟਾਰੂਚੱਕ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਕਾਗਜ਼ਾਂ ਦਾ ਪਰਦਾਫਾਸ਼ ਹੋ ਗਿਆ ਹੈ ਜਿਸ ਕਾਰਨ ਉਹ ਦਹਿਸ਼ਤ ਵਿਚ ਹਨ। ਖਹਿਰਾ ਨੂੰ ਸਲਾਹ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ 5 ਸਾਲ ਦਿੱਤੇ ਹਨ, ਹੁਣ ਉਹ ਉਨ੍ਹਾਂ ਤੋਂ ਉਨ੍ਹਾਂ ਨੂੰ ਨਹੀਂ ਖੋਹ ਸਕਦੇ। ਇਸ ਲਈ ਉਨ੍ਹਾਂ ਨੂੰ ਸ਼ਾਂਤੀ ਅਤੇ ਧੀਰਜ ਬਣਾਈ ਰੱਖਣਾ ਚਾਹੀਦਾ ਹੈ।

error: Content is protected !!