100-100 ਰੁਪਏ ਦੀ ਲੈਂਦੇ ਸਨ ਰਿਸ਼ਵਤ, ਆਰਟੀਏ ਦਫਤਰ ਦਾ ਕਲਰਕ ਤੇ ਨਿੱਜੀ ਸਹਾਇਕ ਆਇਆ ਕਾਬੂ

100-100 ਰੁਪਏ ਦੀ ਲੈਂਦੇ ਸਨ ਰਿਸ਼ਵਤ, ਆਰਟੀਏ ਦਫਤਰ ਦਾ ਕਲਰਕ ਤੇ ਨਿੱਜੀ ਸਹਾਇਕ ਆਇਆ ਕਾਬੂ

ਬਠਿੰਡਾ (ਵੀਓਪੀ ਬਿਊਰੋ) ਪੰਜਾਬ ਦੇ ਆਰਟੀਏ ਦਫ਼ਤਰ ਵਿੱਚ ਤਾਇਨਾਤ ਕਲਰਕ ਅਤੇ ਉਸ ਦੇ ਨਿੱਜੀ ਸਹਾਇਕ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੰਗਲਵਾਰ ਦੁਪਹਿਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਦਿਨੇਸ਼ ਕੁਮਾਰ ਅਤੇ ਨਿੱਜੀ ਸਹਾਇਕ ਰਾਜਵੀਰ ਉਰਫ਼ ਰਾਜੂ ਵਜੋਂ ਹੋਈ ਹੈ। ਮੁਲਜ਼ਮ ਹਰੇਕ ਵਾਹਨ ਦੀ ਟੈਕਸ ਵੈਰੀਫਿਕੇਸ਼ਨ ਲਈ ਪ੍ਰਤੀ ਫਾਈਲ 100 ਰੁਪਏ ਵਸੂਲਦੇ ਸਨ।

ਨਿੱਜੀ ਸਹਾਇਕ ਰਾਜੂ, ਕਲਰਕ ਦਿਨੇਸ਼ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਬੀੜ ਤੋਂ 10 ਫਾਈਲਾਂ ਦੇ ਟੈਕਸ ਪੇਮੈਂਟ ਕੋਡ ਦਰਜ ਕਰਨ ਦੇ ਬਦਲੇ ਇੱਕ ਹਜ਼ਾਰ ਰੁਪਏ ਲੈ ਰਿਹਾ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਅੱਜ ਵਿਜੀਲੈਂਸ ਵਿੱਚ ਸ਼ਿਕਾਇਤ ਦਿੱਤੀ ਕਿ ਆਰਟੀਏ ਦਫ਼ਤਰ ਵਿੱਚ ਤਾਇਨਾਤ ਮੁਲਾਜ਼ਮ ਫਾਈਲ ਪਾਸ ਕਰਨ ਦੀ ਬਜਾਏ ਉਸ ਤੋਂ ਰਿਸ਼ਵਤ ਮੰਗ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਤੋਂ ਪੈਸੇ ਮੰਗਣ ਦੀ ਆਡੀਓ ਵੀ ਰਿਕਾਰਡ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਕਾਰਵਾਈ ਕਰਦਿਆਂ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਲਰਕ ਦਿਨੇਸ਼ ਅਤੇ ਉਸ ਦੇ ਨਿੱਜੀ ਸਹਾਇਕ ਰਾਜੂ ਨੂੰ ਸਥਾਨਕ ਮਿੰਨੀ ਸਕੱਤਰੇਤ ਦੇ ਦੂਜੇ ਦਫਤਰ ਤੋਂ ਗ੍ਰਿਫਤਾਰ ਕੀਤਾ ਹੈ।

ਪਤਾ ਲੱਗਾ ਹੈ ਕਿ ਦਿਨੇਸ਼ ਇਕ ਕੰਪਨੀ ਰਾਹੀਂ ਟਰਾਂਸਪੋਰਟ ਵਿਭਾਗ ਵਿਚ ਆਇਆ ਸੀ। ਕੁਝ ਮਹੀਨੇ ਪਹਿਲਾਂ ਉਸਨੂੰ ਲੁਧਿਆਣਾ ਤੋਂ ਬਠਿੰਡਾ ਤਬਦੀਲ ਕੀਤਾ ਗਿਆ ਸੀ। ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਆਰਟੀਏ ਦਫ਼ਤਰ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਮੁਲਜ਼ਮ ਦਿਨੇਸ਼ ਕੁਮਾਰ ਅਤੇ ਰਾਜੂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!