ਜਲੰਧਰ ‘ਚ ਅੱਜ 16 ਲੱਖ ਤੋਂ ਵੱਧ ਵੋਟਰ ਕਰਨਗੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, ਸ਼ਾਮ 6.30 ਵਜੇ ਤਕ ਪੈਣਗੀਆਂ ਵੋਟਾਂ

ਜਲੰਧਰ ‘ਚ ਅੱਜ 16 ਲੱਖ ਤੋਂ ਵੱਧ ਵੋਟਰ ਕਰਨਗੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, ਸ਼ਾਮ 6.30 ਵਜੇ ਤਕ ਪੈਣਗੀਆਂ ਵੋਟਾਂ

ਵੀਓਪੀ ਬਿਊਰੋ – ਜਲੰਧਰ ਲੋਕ ਸਭਾ ਸੀਟ ‘ਤੇ ਬੁੱਧਵਾਰ ਭਾਵ ਅੱਜ ਵੋਟਾਂ ਪੈਣਗੀਆਂ। ਜਲੰਧਰ ਦੀ ਲੋਕ ਸਭਾ ਸੀਟ ਲਈ 9 ਵਿਧਾਨ ਸਭਾ ਹਲਕਿਆਂ ਦੇ ਵੋਟਰ 1972 ਕੇਂਦਰਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਵੋਟ ਪਾ ਸਕਣਗੇ। 16 ਲੱਖ ਤੋਂ ਵੱਧ ਵੋਟਰ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜਲੰਧਰ ਲੋਕ ਸਭਾ (ਰਾਖਵੀਂ) ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ਵਾਰ ਇੱਥੇ ਮੁਕਾਬਲਾ ਕਾਫੀ ਸਖਤ ਹੈ।

ਇਸ ਵਾਰ ‘ਆਪ’ ਨੇ ਸਾਬਕਾ ਵਿਧਾਇਕ ਰਿੰਕੂ ਨੂੰ ਮੈਦਾਨ ‘ਚ ਉਤਾਰਿਆ ਹੈ, ਜੋ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਪਾਰਟੀ ‘ਚ ਸ਼ਾਮਲ ਹੋਏ ਸਨ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ‘ਤੇ ਭਰੋਸਾ ਜਤਾਇਆ ਹੈ। ਭਾਜਪਾ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਬੀਰ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ।

ਅਟਵਾਲ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਅਕਾਲੀ ਦਲ ਨੇ ਬੰਗਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਵਿੰਦਰ ਕੁਮਾਰ ਸੁੱਖੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਪੇਸ਼ੇ ਤੋਂ ਡਾਕਟਰ ਹਨ। ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਭਾਈਵਾਲ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਹਾਸਲ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਜੰਟ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਨੇ ਦੱਸਿਆ ਕਿ 45 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚ ਨੌਂ ਪਿੰਕ ਬੂਥ ਹੋਣਗੇ, ਜਿੱਥੇ ਸਾਰੀਆਂ ਮੁਲਾਜ਼ਮ ਔਰਤਾਂ ਹੋਣਗੀਆਂ। ਮਤਦਾਨ ਵਿੱਚ 4839 ਈਵੀਐਮ, 2927 ਕੰਟਰੋਲ ਯੂਨਿਟ ਅਤੇ 2973 ਵੀਵੀਪੀਏਟੀ ਦੀ ਵਰਤੋਂ ਕੀਤੀ ਜਾਵੇਗੀ। ਹਰ ਪੋਲਿੰਗ ਸਟੇਸ਼ਨ ‘ਤੇ ਪੀਣ ਵਾਲਾ ਪਾਣੀ, ਟੈਂਟ, ਕੁਰਸੀਆਂ ਅਤੇ ਘੱਟੋ-ਘੱਟ ਇਕ ਵ੍ਹੀਲਚੇਅਰ ਦੀ ਸਹੂਲਤ ਲਾਜ਼ਮੀ ਕੀਤੀ ਗਈ ਹੈ।

ਵੋਟਰ ਕਿਸੇ ਵੀ ਮਦਦ ਲਈ 1950 ‘ਤੇ ਕਾਲ ਕਰ ਸਕਦੇ ਹਨ। ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ 9865 ਮੁਲਾਜ਼ਮਾਂ ਦੀ ਹੋਵੇਗੀ। ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ 302 ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ। ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਵਿੱਚ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਨਹੀਂ ਕਰ ਸਕੇਗਾ।

ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਮਨਰੇਗਾ ਜੌਬ ਕਾਰਡ, ਸਿਹਤ ਬੀਮਾ ਕਾਰਡ, ਸਮਾਰਟ ਕਾਰਡ, ਸਰਕਾਰੀ ਕਰਮਚਾਰੀਆਂ ਦਾ ਆਈਡੀ ਕਾਰਡ, ਸੰਸਦ ਮੈਂਬਰ-ਵਿਧਾਇਕ ਦਾ ਅਧਿਕਾਰਤ ਪਛਾਣ ਪੱਤਰ, ਅਪੰਗਤਾ ਪਛਾਣ ਪੱਤਰ। ਤੁਸੀਂ ਆਪਣਾ ਕਾਰਡ ਦਿਖਾ ਕੇ ਵੀ ਵੋਟ ਪਾ ਸਕਦੇ ਹੋ।

error: Content is protected !!