ਧੋਨੀ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ ਵੀ ਯਾਦ ਕਰਵਾਇਆ ਪਹਿਲਵਾਨਾਂ ਦਾ ਸੰਘਰਸ਼, ਕਿਹਾ- ਅਸੀ ਵੀ ਸਨਮਾਨ ਦੇ ਹੱਕਦਾਰ ਹਾਂ

ਧੋਨੀ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ ਵੀ ਯਾਦ ਕਰਵਾਇਆ ਪਹਿਲਵਾਨਾਂ ਦਾ ਸੰਘਰਸ਼, ਕਿਹਾ- ਅਸੀ ਵੀ ਸਨਮਾਨ ਦੇ ਹੱਕਦਾਰ ਹਾਂ

ਨਵੀਂ ਦਿੱਲੀ (ਵੀਓਪੀ ਬਿਊਰੋ) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਣ ਵਾਲੇ ਪਹਿਲਵਾਨਾਂ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆ ਗਈ ਹੈ। ਸੀਐੱਮ ਮਮਤਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਪਹਿਲਵਾਨਾਂ ਦੇ ਸਮਰਥਨ ‘ਚ ਕੋਲਕਾਤਾ ਦੀਆਂ ਸੜਕਾਂ ‘ਤੇ ਪੈਦਲ ਮਾਰਚ ਕੱਢਿਆ। ਇਸ ਵਿੱਚ ਮਮਤਾ ਬੈਨਰਜੀ ਨੇ ਵੀ ਸ਼ਿਰਕਤ ਕੀਤੀ। ਇਸ ਮਾਰਚ ਨਾਲ ਮਮਤਾ ਪਹਿਲਵਾਨਾਂ ਲਈ ਸੜਕਾਂ ‘ਤੇ ਮਾਰਚ ਕੱਢਣ ਵਾਲੀ ਪਹਿਲੀ ਮੁੱਖ ਮੰਤਰੀ ਬਣ ਗਈ ਹੈ।

ਇਸ ਤੋਂ ਪਹਿਲਾਂ ਪਹਿਲਵਾਨ ਸਾਕਸ਼ੀ ਤੇ ਹੋਰਨਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਵੀ IPL ਟਰਾਫੀ ਜਿੱਤਣ ਤੋਂ ਬਾਅਦ ਪਹਿਲਵਾਨਾਂ ਦਾ ਸੰਘਰਸ਼ ਯਾਦ ਕਰਵਾਉਂਦੇ ਹੋਏ ਕਿਹਾ ਸੀ ਕਿ ਮੁਬਾਰਕ ਹੋਵੇ ਤੁਹਾਨੂੰ ਸਨਮਾਨ ਤਾਂ ਮਿਲ ਰਿਹਾ ਹੈ, ਅਸੀ ਤਾਂ ਸੜਕਾਂ ‘ਤੇ ਹੀ ਸੰਘਰਸ਼ ਕਰੀ ਜਾ ਰਹੇ ਹਾਂ, ਦੇਸ ਲਈ ਮੈਡਲ ਜਿੱਤ ਕੇ।

ਇਸ ਦੌਰਾਨ ਮਮਤਾ ਨੇ ਕਿਹਾ, ‘ਭਾਜਪਾ ਨੇਤਾ ਹੋਣ ਕਾਰਨ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਹੈ। ਦੇਸ਼ ਲਈ ਸ਼ਰਮ ਵਾਲੀ ਗੱਲ ਹੈ, ਪਹਿਲਵਾਨ ਹਰਿਦੁਆਰ ਗਏ, ਪਰ ਦੋਸ਼ੀ ਨਹੀਂ ਫੜਿਆ ਗਿਆ। ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਾਡਾ ਹੜਤਾਲ-ਪ੍ਰਦਰਸ਼ਨ ਜਾਰੀ ਰਹੇਗਾ। ਸਾਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਅਸੀਂ ਉਨ੍ਹਾਂ ਨਾਲ ਗੱਲ ਕੀਤੀ ਹੈ, ਸਾਡੀ ਟੀਮ ਉਨ੍ਹਾਂ ਦੇ ਸਮਰਥਨ ਲਈ ਉੱਥੇ ਜਾਵੇਗੀ। ਟੀਐਮਸੀ ਭਲਕੇ ਪਹਿਲਵਾਨਾਂ ਨੂੰ ਇਨਸਾਫ਼ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ਕੱਢੇਗੀ।

ਇਸ ਦੌਰਾਨ ਪਹਿਲਵਾਨਾਂ ਦਾ ਸਾਥ ਨਾ ਦੇਣ ਵਾਲੇ ਖਿਡਾਰੀਆਂ ਖ਼ਿਲਾਫ਼ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਯੂਥ ਕਾਂਗਰਸ ਨੇ ਬੁੱਧਵਾਰ ਨੂੰ ਸਚਿਨ ਤੇਂਦੁਲਕਰ ਦੇ ਬੰਗਲੇ ਦੇ ਬਾਹਰ ਇੱਕ ਪੋਸਟਰ ਲਗਾਇਆ, ਪਹਿਲਵਾਨਾਂ ਦਾ ਸਮਰਥਨ ਨਾ ਕਰਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਜਿਵੇਂ ਹੀ ਪੋਸਟਰ ਲਗਾਇਆ ਗਿਆ, ਮੁੰਬਈ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਪੋਸਟਰ ਨੂੰ ਹਟਾ ਦਿੱਤਾ। ਇਸ ਦੇ ਨਾਲ ਹੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਵੀ ਪਹਿਲਵਾਨਾਂ ਦੇ ਸਮਰਥਨ ‘ਚ ਅੱਗੇ ਆਏ ਹਨ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਹਿਲਾ ਪਹਿਲਵਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

error: Content is protected !!