ਲਾਪਰਵਾਹ ਵਾਹਨ ਚਾਲਕ ਲੈ ਡੁੱਬਿਆ ਦੋ ਨੌਜਵਾਨਾਂ ਨੂੰ, ਹਾਈਵੇ ਉਤੇ ਮਾਰਿਆ ਕੱਟ ਤਾਂ ਬੇਕਾਬੂ ਹੋਇਆ ਟਰੈਕਟਰ  ਹਾਦਸੇ ਦਾ ਸ਼ਿਕਾਰ, ਦੋ ਦੋਸਤਾਂ ਦੀ ਹੋਈ ਮੌਤ, ਇਕ ਜ਼ਖ਼ਮੀ

ਲਾਪਰਵਾਹ ਵਾਹਨ ਚਾਲਕ ਲੈ ਡੁੱਬਿਆ ਦੋ ਨੌਜਵਾਨਾਂ ਨੂੰ, ਹਾਈਵੇ ਉਤੇ ਮਾਰਿਆ ਕੱਟ ਤਾਂ ਬੇਕਾਬੂ ਹੋਇਆ ਟਰੈਕਟਰ  ਹਾਦਸੇ ਦਾ ਸ਼ਿਕਾਰ, ਦੋ ਦੋਸਤਾਂ ਦੀ ਹੋਈ ਮੌਤ, ਇਕ ਜ਼ਖ਼ਮੀ


ਵੀਓਪੀ ਬਿਊਰੋ, ਧਨੌਲਾ : ਸੜਕਾਂ ਉਤੇ ਵਾਹਨ ਚਲਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਅਜਿਹੇ ਲਾਪਰਵਾਹ ਵਾਹਨ ਚਾਲਕ ਆਪਣੀ ਜ਼ਿੰਦਗੀ ਤਾਂ ਖਤਰੇ ਵਿਚ ਪਾਉਂਦੇ ਹੀ ਹਨ ਕਈ ਵਾਰ ਦੂਜਿਆਂ ਨੂੰ ਵੀ ਲੈ ਡੁੱਬਦੇ ਹਨ। ਅਜਿਹਾ ਹੀ ਮਾਮਲਾ ਇੱਥੋਂ ਦੇ ਨੇੜਲੇ ਪਿੰਡ ਬਡਬਰ ਦੇ ਟੋਲ ਪਲਾਜ਼ਾ ਨੇੜਿਓਂ ਸਾਹਮਣੇ ਆਇਆ। ਜਿਥੇ ਇਕ ਅਣਪਛਾਤੇ ਵਾਹਨ ਵੱਲੋਂ ਕੱਟ ਮਾਰਨ ਕਾਰਨ ਪਿੱਛੇ ਆ ਰਹੇ ਟਰੈਕਟਰ ਸਵਾਰ ਤਿੰਨ ਨੌਜਵਾਨਾਂ ’ਚੋਂ 2 ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ, ਧਨੌਲਾ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਤਿੰਨ ਦੋਸਤ ਪੁਸ਼ਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਬਰਨਾਲਾ, ਸੰਦੀਪ ਸਿੰਘ ਸੀਪਾ ਪੁੱਤਰ ਦਰਸੀ ਸਿੰਘ ਪਿੰਡ ਭੂਰੇ, ਕਰਮਵੀਰ ਸਿੰਘ ਕਰਨ ਪੁੱਤਰ ਰਣਜੀਤ ਸਿੰਘ ਵਾਸੀ ਰੋਗਲਾ ਬੀਤੀ ਰਾਤ 10.30 ਵਜੇ ਕਰੀਬ ਸੰਗਰੂਰ ਤੋਂ ਟਰੈਕਟਰ ’ਤੇ ਸਵਾਰ ਹੋ ਕੇ ਪਿੰਡ ਭੂਰੇ ਨੂੰ ਆ ਰਹੇ ਸਨ। ਜਦੋਂ ਉਹ ਪਿੰਡ ਬਡਬਰ ਲੰਘ ਕੇ ਟੋਲ ਪਲਾਜ਼ਾ ਤੋਂ ਕਰੀਬ ਇਕ ਕਿਲੋਮੀਟਰ ਪਿੱਛੇ ਸਨ ਤਾਂ ਹਾਈਵੇ ’ਤੇ ਲੰਘ ਰਹੇ ਵਾਹਨਾਂ ’ਚੋਂ ਇਕ ਲਾਪਰਵਾਹ ਅਣਪਛਾਤੇ ਵਾਹਨ ਨੇ ਕੱਟ ਮਾਰ ਦਿੱਤਾ ਤੇ ਟਰੈਕਟਰ ਚਾਲਕ ਪੁਸ਼ਪ੍ਰੀਤ ਟਰੈਕਟਰ ਦਾ ਸੰਤੁਲਨ ਗੁਆ ਬੈਠਾ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਸੰਦੀਪ ਸਿੰਘ ਸੀਪਾ ਤੇ ਕਰਮਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਤੁਰੰਤ ਰਾਹਗੀਰਾਂ ਨੇ ਐਂਬੂਲੈਂਸ ਬੁਲਾਈ ਤੇ ਸਰਕਾਰੀ ਹਸਪਤਾਲ ਬਰਨਾਲਾ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਸੰਦੀਪ ਸੀਪਾ ਤੇ ਕਰਮਵੀਰ ਕਰਨ ਨੂੰ ਮ੍ਰਿਤਕ ਐਲਾਨ ਦਿੱਤਾ।


ਥਾਣਾ ਧਨੌਲਾ ਦੇ ਐੱਸਐੱਚਓ ਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਐੱਚਸੀ ਰਣਜੀਤ ਸਿੰਘ ਕਰ ਰਹੇ ਹਨ। ਐੱਚਸੀ ਰਣਜੀਤ ਸਿੰਘ ਨੇ ਕਿਹਾ ਕਿ ਥਾਣਾ ਧਨੌਲਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੇ ਸਕੇ ਸਬੰਧੀਆਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ  ਲਾਸ਼ਾਂ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲਿਸ ਉਕਤ ਅਣਪਛਾਤੇ ਵਾਹਨ ਦੀ ਭਾਲ ਵਿਚ ਜੁਟ ਗਈ ਹੈ।

error: Content is protected !!