ਆਸਟ੍ਰੇਲੀਆ ਵਿਚ ਪੰਜਾਬੀ ਵਿਦਿਆਰਥਣ ਨੂੰ ਪਹਿਲਾਂ ਕੀਤਾ ਸੀ ਅਗਵਾ, ਫਿਰ ਜ਼ਿਊਂਦਾ ਦਫਨਾ ਕੇ ਕੀਤਾ ਸੀ ਕਤਲ, ਮੁਲਜ਼ਮ ਨੂੰ ਉਮਰ ਕੈਦ

ਵੀਓਪੀ ਬਿਊਰੋ, ਮੈਲਬੌਰਨ-ਆਸਟ੍ਰੇਲੀਆ ‘ਚ 21 ਸਾਲਾ ਪੰਜਾਬੀ ਵਿਦਿਆਰਥਣ ਨੂੰ ਜ਼ਿੰਦਾ ਹੀ ਕਬਰ ਵਿਚ ਦਫਨਾ ਕੇ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜੈਸਮੀਨ ਕੌਰ ਦਾ 23 ਸਾਲ ਦੇ ਤਾਰਿਕਜੋਤ ਸਿੰਘ ਨੇ ਮਾਰਚ 2021 ਵਿਚ ਕਤਲ ਕਰ ਦਿੱਤਾ ਸੀ। ਉਸ ਨੇ ਉੱਤਰੀ ਪਲਿਮਪਟਨ ਵਿਚ ਉਸ ਦੇ ਕੰਮ ਵਾਲੀ ਥਾਂ ਤੋਂ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ ਸੀ। ਫਿਰ ਉਸਨੂੰ ਫਲਿੰਡਰਜ਼ ਰੇਂਜ ਵਿਚ ਲੈ ਗਿਆ, ਜਿਥੇ ਉਸ ਨੂੰ ਜ਼ਿੰਦਾ ਖੋਖਲੀ ਕਬਰ ਵਿਚ ਦਫ਼ਨਾ ਦਿਤਾ।ਦੋਸ਼ੀ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ, ਪਰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਉਸਦੀ ਸਜ਼ਾ ਸੁਣਾਉਣ ਦੌਰਾਨ ਉਸਦੇ ਅਪਰਾਧ ਦੇ ਭਿਆਨਕ ਵੇਰਵੇ ਸਾਹਮਣੇ ਆਏ। ਸਰਕਾਰੀ ਵਕੀਲ ਕਾਰਮੇਨ ਮੈਟੀਓ ਨੇ ਕਿਹਾ ਮੌਤ ਇਕ ਦਮ ਨਹੀਂ ਹੋਈ ਸੀ ਅਤੇ ਲੜਕੀ ਨੂੰ ਕਾਫੀ ਦੁੱਖ ਸਹਿਣਾ ਪਿਆ ਸੀ।

ਪੀੜਤਾ ਦੀ ਮਾਂ ਅਨੁਸਾਰ ਤਾਰਿਕਜੋਤ, ਜਿਸ ਨੇ ਇਸ ਸਾਲ ਫਰਵਰੀ ਵਿਚ ਕਤਲ ਦਾ ਦੋਸ਼ ਕਬੂਲ ਕੀਤਾ ਸੀ, ਜੈਸਮੀਨ ਦਾ ਦੀਵਾਨਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਬੁੱਧਵਾਰ ਨੂੰ ਆਸਟਰੇਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਜੈਸਮੀਨ ਦੇ ਸੱਟਾਂ ਅਤੇ ਕਬਰ ਵਿਚ ਪਾਏ ਜਾਣ ਤੋਂ ਬਾਅਦ ਵੀ, ਉਸਦੀ ਤੁਰੰਤ ਮੌਤ ਨਹੀਂ ਹੋਈ, ਉਸ ਦੀ ਮੌਤ 6 ਮਾਰਚ ਦੇ ਆਸਪਾਸ ਹੋਈ।


