ਬੀਅਰ ਪੀਣ ਲਈ ਗਏ ਗੁਆਂਢੀਆਂ ਦੀ ਕਿਸੇ ਗੱਲੋਂ ਹੋ ਗਈ ਬਹਿਸ, ਬਰਫ ਤੋੜਨ ਵਾਲਾ ਸੂਆ ਛਾਤੀ ਵਿਚ ਮਾਰ ਕੇ ਕੀਤਾ ਕਤਲ

ਬੀਅਰ ਪੀਣ ਲਈ ਗਏ ਗੁਆਂਢੀਆਂ ਦੀ ਕਿਸੇ ਗੱਲੋਂ ਹੋ ਗਈ ਬਹਿਸ, ਬਰਫ ਤੋੜਨ ਵਾਲਾ ਸੂਆ ਛਾਤੀ ਵਿਚ ਮਾਰ ਕੇ ਕੀਤਾ ਕਤਲ


ਵੀਓਪੀ ਬਿਊਰੋ, ਚੰਡੀਗੜ੍ਹ : ਮਨੀਮਾਜਰਾ ਸਥਿਤ ਮੋਟਰ ਮਾਰਕੀਟ ਵਿਚ ਬੀਅਰ ਪੀਣ ਗਏ ਦੋ ਗੁਆਂਢੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਹਿਸ ਇੰਨੀ ਵ੍ੱਧ ਗਈ ਕਿ ਆਟੋ ਚਾਲਕ ਨੇ ਸੂਆ ਕੱਢ ਕੇ ਗੁਆਂਢੀ ਦੀ ਛਾਤੀ ਅਤੇ ਪਿੱਠ ’ਤੇ ਵਾਰ ਕਰ ਦਿੱਤਾ। ਉਹ ਲਹੂ-ਲੂਹਾਨ ਹੋ ਕੇ ਡਿੱਗ ਗਿਆ।ਇਹ ਵੇਖ ਆਟੋ ਚਾਲਕ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਦੀ ਪਛਾਣ ਇੰਦਰਾ ਕਾਲੋਨੀ ਨਿਵਾਸੀ ਲਖਬੀਰ ਸਿੰਘ ਉਰਫ ਲੱਖੇ ਵਜੋਂ ਹੋਈ ਹੈ।


ਇੰਦਰਾ ਕਾਲੋਨੀ ਨਿਵਾਸੀ ਲਖਬੀਰ ਸਿੰਘ ਐਤਵਾਰ ਰਾਤ ਆਟੋ ਚਾਲਕ ਗੁਆਂਢੀ ਸੰਨੀ ਨਾਲ ਬੀਅਰ ਪੀਣ ਲਈ ਮੋਟਰ ਮਾਰਕੀਟ ਗਿਆ ਸੀ। ਬੀਅਰ ਪੀਣ ਤੋਂ ਬਾਅਦ ਸੰਨੀ ਅਤੇ ਲਖਬੀਰ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਆਟੋ ਚਾਲਕ ਸੰਨੀ ਮੋਟਰ ਮਾਰਕੀਟ ਦੇ ਬੂਥ ਨੰ. 128 ਕੋਲ ਲਖਬੀਰ ਦੀ ਛਾਤੀ ਅਤੇ ਪਿੱਠ ’ਤੇ ਬਰਫ ਤੋੜਨ ਵਾਲੇ ਸੂਏ ਨਾਲ ਵਾਰ ਕਰ ਕੇ ਫਰਾਰ ਹੋ ਗਿਆ। ਕਰੀਬ ਚਾਰ ਵਜੇ ਕਤਲ ਦੀ ਸੂਚਨਾ ਪੁਲਿਸ ਨੂੰ ਮਿਲੀ। ਮਨੀਮਾਜਰਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਹੂ-ਲੂਹਾਨ ਹਾਲਤ ਵਿਚ ਲਖਬੀਰ ਨੂੰ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਲਖਬੀਰ ਸਿੰਘ ਫਾਇਨਾਂਸ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਅੱਠ ਮਹੀਨੇ ਦੀ ਗਰਭਵਤੀ ਹੈ।


ਕਤਲ ਤੋਂ ਬਾਅਦ ਮਨੀਮਾਜਰਾ ਥਾਣਾ ਪੁਲਿਸ ਨੇ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਕੈਮਰਿਆਂ ਵਿਚ ਮਨੀਮਾਜਰਾ ਪੋਸਟ ਦਫ਼ਤਰ ਕੋਲ ਕਰੀਬ 2:51 ਤੋਂ ਲੈ ਕੇ ਤਿੰਨ ਵਜੇ ਸੰਨੀ ਅਤੇ ਲਖਬੀਰ ਖੜ੍ਹੇ ਵਿਖਾਈ ਦਿੱਤੇ। ਕਰੀਬ ਸਾਢੇ ਤਿੰਨ ਵਜੇ ਸੰਨੀ ਦੋ ਸਾਥੀਆਂ ਨਾਲ ਭੱਜਦੇ ਹੋਏ ਵਿਖਾਈ ਦਿੱਤਾ। ਮਨੀਮਾਜਰਾ ਥਾਣਾ ਪੁਲਿਸ ਕਤਲ ਦਾ ਮਾਮਲਾ ਦਰਜ ਕਰ ਕੇ ਸੰਨੀ ਸਮੇਤ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕਰ ਰਹੀ ਹੈ।

error: Content is protected !!