‘ਜੇਲ੍ਹ ਵਿਚੋਂ ਜੱਸੀ ਪੈਂਚਰ ਬੋਲਦਾਂ…ਦੋ ਲੱਖ ਦੇ ਦੇ, ਨਹੀਂ ਤਾਂ…’ ਵਪਾਰੀ ਕੋਲੋਂ ਮੰਗੀ ਫਿਰੌਤੀ

‘ਜੇਲ੍ਹ ਵਿਚੋਂ ਜੱਸੀ ਪੈਂਚਰ ਬੋਲਦਾਂ…ਦੋ ਲੱਖ ਦੇ ਦੇ, ਨਹੀਂ ਤਾਂ…’ ਵਪਾਰੀ ਕੋਲੋਂ ਮੰਗੀ ਫਿਰੌਤੀ


ਵੀਓਪੀ ਬਿਊਰੋ, ਮਾਨਸਾ : ਜੇਲ੍ਹਾਂ ਵਿਚੋਂ ਫਿਰੌਤੀਆਂ ਮੰਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪਾਬੰਦੀਆਂ ਤੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕੈਦੀ ਮੋਬਾਈਲ ਫੋਨਾਂ ਦੀ ਵਰਤੋਂ ਕਰ ਕੇ ਆਪਣਾ ਗੋਰਖ ਧੰਦਾ ਚਲਾ ਰਹੇ ਹਨ। ਤਾਜਾ ਮਾਮਲੇ ਵਿਚ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਜੇਲ੍ਹ ’ਚੋਂ ਫੋਨ ਜ਼ਰੀਏ ਵਪਾਰੀ ਕੋਲੋਂ ਫਿਰੌਤੀ ਮੰਗਣ ਦੇ ਦੋਸ਼ ’ਚ ਜੇਲ੍ਹ ’ਚ ਬੰਦ ਕੈਦੀ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਨੂੰ ਰਵੀ ਕੁਮਾਰ ਵਾਸੀ ਵਿਸ਼ਵਕਰਮਾ ਭਵਨ ਵਾਲੀ ਗਲੀ ਵਾਰਡ ਨੰਬਰ. 1 ਮਾਨਸਾ ਨੇ ਦੱਸਿਆ ਕਿ ਉਸ ਦੇ ਮੋਬਾਈਲ ਫੋਨ ’ਤੇ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ‘ਜੇਲ੍ਹ ’ਚ ਬੰਦ ਜੱਸੀ ਪੈਂਚਰ ਬੋਲਦਾਂ’ਦੀ ਗੱਲ ਕਹੀ ਅਤੇ ਦੋ ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਸ ਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਕਾਲ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਇਸ ਤੋਂ ਇਲਾਵਾ 30 ਸਤੰਬਰ ਨੂੰ ਉਸ ਦੇ ਪੁੱਤਰ ਚੰਦਰਕਾਂਤ ਬਾਂਸਲ ਦੀ ਦੁਕਾਨ ’ਤੇ ਦੋ ਅਣਪਛਾਤੇ ਵਿਅਕਤੀ ਆਏ ਵੀ ਸਨ, ਜਿਨ੍ਹਾਂ ਦੋ ਲੱਖ ਰੁਪਏ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਥਾਣਾ ਸਿਟੀ 2 ਦੇ ਸਹਾਇਕ ਥਾਣੇਦਾਰ ਅਤੇ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਰਵੀ ਕੁਮਾਰ ਦੇ ਬਿਆਨ ’ਤੇ ਜੇਲ੍ਹ ਵਿਚ ਬੰਦ ਜੱਸੀ ਪੈਂਚਰ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 

error: Content is protected !!