ਜਲੰਧਰ ਵਿਚ ਭਾਜਪਾ ਆਗੂ ਘਰ ਫਟਿਆ ਸਿਲੰਡਰ, ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ, ਭਾਰਤ ਆਸਟਰੇਲੀਆ ਦਾ ਮੈਚ ਵੇਖਦਿਆਂ ਹੋਇਆ ਧਮਾਕਾ

ਜਲੰਧਰ ਵਿਚ ਭਾਜਪਾ ਆਗੂ ਘਰ ਫਟਿਆ ਸਿਲੰਡਰ, ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ, ਭਾਰਤ ਆਸਟਰੇਲੀਆ ਦਾ ਮੈਚ ਵੇਖਦਿਆਂ ਹੋਇਆ ਧਮਾਕਾ


ਵੀਓਪੀ ਬਿਊਰੋ, ਜਲੰਧਰ : ਦੇਰ ਰਾਤ ਜਲੰਧਰ ‘ਚ ਭਾਜਪਾ ਆਗੂ ਦੇ ਘਰ ਸਿਲੰਡਰ ਫਟਣ ਕਾਰਨ ਧਮਾਕਾ ਹੋ ਗਿਆ। ਸ਼ਹਿਰ ਦੇ ਅਵਤਾਰ ਨਗਰ ‘ਚ ਸਥਿਤ ਘਰ ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ‘ਚ ਭਿਆਨਕ ਅੱਗ ਲੱਗ ਗਈ ਅਤੇ ਸਿਲੰਡਰ ‘ਚ ਬਲਾਸਟ ਹੋਣ ਕਾਰਨ ਪਰਿਵਾਰ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦਰਦਨਾਕ ਹਾਦਸੇ ਵਿੱਚ ਪਰਿਵਾਰ ਦੇ 6 ਮੈਂਬਰ ਝੁਲਸ ਗਏ, ਜਿਨ੍ਹਾਂ ‘ਚੋਂ 5 ਦੀ ਮੌਤ ਹੋ ਗਈ। ਮ੍ਰਿਤਕਾਂ ‘ਚ 3 ਮਾਸੂਮ ਬੱਚੇ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕ ਡਰ ਗਏ ਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕਾਂ ‘ਚ ਮਨਸ਼ਾ (15), ਦੀਆ (8), ਘਰ ਦਾ ਮਾਲਕ ਯਸ਼ਪਾਲ ਤੇ 2 ਹੋਰ ਮੈਂਬਰ ਸ਼ਾਮਲ ਹਨ। 6ਵੇਂ ਜ਼ਖ਼ਮੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਯਸ਼ਪਾਲ ਘਈ ਭਾਜਪਾ ਦਾ ਆਗੂ ਸੀ।

ਯਸ਼ਪਾਲ ਘਈ ਦੀ ਪਤਨੀ ਅਚਨਚੇਤ ਹੀ ਉਸ ਮੌਕੇ ਗੁਆਢੀਆਂ ਦੇ ਘਰ ਚਲੀ ਗਈ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਗੁਆਂਢੀਆਂ ਦੇ ਘਰੋਂ ਆਪਣੇ ਘਰ ਪਹੁੰਚੀ ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਭਾਰਤ ਆਸਟਰੇਲੀਆ ਵਿਚਾਲੇ ਹੋ ਰਿਹਾ ਮੈਚ ਦੇਖਣ ’ਚ ਮਸਤ ਸਨ ਤੇ ਉਹ ਗੁਆਂਢੀਆ ਦੇ ਘਰ ਚਲੀ ਗਈ ਸੀ। ਜਦ ਉਨ੍ਹਾਂ ਦੇ ਘਰੋਂ ਧਮਾਕਿਆਂ ਦੀ ਆਵਾਜ਼ ਆਈ ਤਾਂ ਉਹ ਗੁਆਂਢੀਆਂ ਦੇ ਨਾਲ ਆਪਣੇ ਘਰ ਵੱਲ ਭੱਜੀ ਤਾਂ ਦੇਖਿਆ ਕਿ ਘਰ ਵਿਚ ਭਿਆਨਕ ਅੱਗ ਲੱਗੀ ਹੋਈ ਸੀ।


ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਰੌਲਾ ਪਾਉਣ ’ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝਣ ਦੀ ਬਜਾਏ ਹੋਰ ਵੀ ਜ਼ਿਆਦਾ ਤੇਜ਼ ਹੋ ਗਈ। ਲੋਕਾਂ ਵੱਲੋਂ ਅੱਗ ਲੱਗਣ ਦੀ ਘਟਨਾ ਬਾਰੇ ਸੂਚਨਾ ਦਿੱਤੇ ਜਾਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਅੱਗ ਬੁਝਾਉਣੀ ਸ਼ੁਰੂ ਕੀਤੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਝੁਲਸੀ ਹਾਲਤ ਵਿਚ ਸਭ ਨੂੰ ਘਰੋਂ ਬਾਹਰ ਕੱਢਿਆ ਅਤੇ ਗੁਆਂਢੀਆਂ ਦੀ ਮਦਦ ਨਾਲ ਸਭ ਨੂੰ ਹਸਪਤਾਲ ਪਹੁੰਚਾਇਆ। ਪ੍ਰਤੱਖਦਰਸ਼ੀਆਂ ਮੁਤਾਬਕ ਦੋਵਾਂ ਬੱਚਿਆਂ ਦੀ ਤਾਂ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਜਦਕਿ ਬੁਰੀ ਤਰ੍ਹਾਂ ਝੁਲਸੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਜਦੋਂਕਿ ਯਸ਼ਪਾਲ ਘਈ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਸੀ। ਅੱਗ ’ਚ ਝੁਲਸਦੇ ਆਪਣੇ ਬੱਚਿਆਂ ਨੂੰ ਦੇਖ ਕੇ ਇਸ ਮੰਜ਼ਰ ਨਾ ਸਹਾਰਦੇ ਹੋਏ ਬਜ਼ੁਰਗ ਔਰਤ ਨੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਆਸ-ਪਾਸ ਖੜ੍ਹੇ ਲੋਕਾਂ ਨੇ ਉਸ ਨੂੰ ਬਚਾ ਲਿਆ ਪਰ ਉਹ ਵੀ ਮਾਮੂਲੀ ਤੌਰ ’ਤੇ ਝੁਲਸੀ ਗਈ।

error: Content is protected !!