ਦੁਕਾਨ ਬਾਹਰ ਬੈਠੀਆਂ ਦਾਦੀ-ਪੋਤੀ ਨੂੰ ਬੇਕਾਬੂ ਬਲੈਰੋ ਨੇ ਕੁਚਲਿਆ, ਪਰਿਵਾਰ ਦੀ ਲਾਡਲੀ 3 ਸਾਲਾ ਮਾਸੂਮ ਦੀ ਮੌ+ਤ, ਦਾਦੀ ਦੀ ਹਾਲਤ ਗੰਭੀਰ, ਕੁਝ ਦਿਨ ਪਹਿਲਾਂ ਹੀ ਘਰ ਆਈ ਸੀ ਖੁਸ਼ੀ

ਦੁਕਾਨ ਬਾਹਰ ਬੈਠੀਆਂ ਦਾਦੀ-ਪੋਤੀ ਨੂੰ ਬੇਕਾਬੂ ਬਲੈਰੋ ਨੇ ਕੁਚਲਿਆ, ਪਰਿਵਾਰ ਦੀ ਲਾਡਲੀ 3 ਸਾਲਾ ਮਾਸੂਮ ਦੀ ਮੌ+ਤ, ਦਾਦੀ ਦੀ ਹਾਲਤ ਗੰਭੀਰ, ਕੁਝ ਦਿਨ ਪਹਿਲਾਂ ਹੀ ਘਰ ਆਈ ਸੀ ਖੁਸ਼ੀ


ਵੀਓਪੀ ਬਿਊਰੋ, ਕਰਤਾਰਪੁਰ-ਟਾਇਰ ਪੰਕਚਰ ਲਾਉਣ ਵਾਲੇ ਦੀ ਦੁਕਾਨ ਬਾਹਰ ਬੈਠੀਆਂ ਦਾਦੀ-ਪੋਤੀ ਤੇ ਇਕ ਪਰਵਾਸੀ ਮਜ਼ਦੂਰ ਨੂੰ ਬੇਕਾਬੂ ਹੋਈ ਬਲੈਰੋ ਗੱਡੀ ਨੇ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿਚ 3 ਸਾਲਾ ਦੀ ਪੋਤੀ ਦੀ ਮੌ+ਤ ਹੋ ਗਈ। ਇਸ ਹਾਦਸੇ ਕਾਰਨ ਇਸ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ, ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇਸ ਪਰਿਵਾਰ ਵਿਚ ਪੁੱਤ ਨੇ ਜਨਮ ਲਿਆ ਸੀ। ਉਧਰ, ਬੱਚੀ ਦੀ ਦਾਦੀ ਦੇ ਸਿਰ ਤੇ ਇਕ ਪਰਵਾਸੀ ਮਜ਼ਦੂਰ ਦੀ ਲੱਤ ਟੁੱਟਣ ਦੇ ਨਾਲ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਲੋਕਾਂ ਮੁਤਾਬਕ ਡਰਾਈਵਰ ਦਾ ਸ਼ਾਇਦ ਉਸ ਸਮੇਂ ਆਪਣੇ ਮੋਬਾਈਲ ’ਤੇ ਧਿਆਨ ਲੱਗਾ ਸੀ।


ਜਾਣਕਾਰੀ ਅਨੁਸਾਰ ਸਨਮ ਸਿਨੇਮਾ ਨੇੜੇ ਟਾਇਰ ਪੰਕਚਰ ਠੀਕ ਕਰਨ ਦਾ ਕੰਮ ਕਰ ਰਹੇ ਪਰਮਜੀਤ ਸਿੰਘ ਦੀ ਪਤਨੀ ਪੰਮੀ (50) ਆਪਣੀ ਪੋਤੀ ਨਨਿਆ ਪੁੱਤਰੀ ਸੰਦੀਪ ਸਿੰਘ ਹੈਪੀ ਨਾਲ ਦੁਕਾਨ ਦੇ ਬਾਹਰ ਬੈਂਚ ’ਤੇ ਬੈਠੀ ਲੜਕੀ ਨਾਲ ਗੱਲਾਂ ਕਰ ਰਹੀ ਸੀ, ਜਦਕਿ ਇਕ ਪਰਵਾਸੀ ਮਜ਼ਦੂਰ ਰਿਆਜੁਲ ਇਸਲਾਮ ਪੁੱਤਰ ਮਨੀਰੁਲ ਇਸਲਾਮ ਵਾਸੀ ਪੱਛਮੀ ਬੰਗਾਲ, ਜੋਕਿ ਦਾਣਾ ਮੰਡੀ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ, ਉਹ ਉੱਥੇ ਬੈਠਾ ਸੀ। ਇਸ ਦੌਰਾਨ ਅਚਾਨਕ ਇਕ ਤੇਜ਼ ਰਫ਼ਤਾਰ ਬਲੈਰੋ ਗੱਡੀ ਨੰ. ਐੱਚ. ਪੀ. 74 ਏ. 1100, ਜਿਸ ਨੂੰ ਬਲਵਿੰਦਰ ਪਾਲ ਪੁੱਤਰ ਕੀਮਤੀ ਲਾਲ ਵਾਸੀ ਪਿੰਡ ਜਾਹੂ ਥਾਣਾ ਹਮੀਰਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ, ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਉਕਤ ਦੁਕਾਨ ’ਚ ਜਾ ਵੜੀ, ਜਿਸ ਕਾਰਨ ਬਾਹਰ ਬੈਠੇ ਉਕਤ ਤਿੰਨ ਲੋਕਾਂ ਨੂੰ ਵਾਹਨ ਨੇ ਆਪਣੀ ਲਪੇਟ ’ਚ ਲੈ ਲਿਆ।


ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਸ ’ਚ 3 ਸਾਲਾ ਬੱਚੀ ਨਨਿਆ ਦੀ ਦੁਖ਼ਦਾਈ ਮੌ+ਤ ਹੋ ਗਈ, ਜਦਕਿ ਦਾਦੀ ਪੰਮੀ ਪਤਨੀ ਪਰਮਜੀਤ ਦੇ ਸਿਰ ਅਤੇ ਹੋਰ ਥਾਈਂ ਗੰਭੀਰ ਸੱਟਾਂ ਲੱਗੀਆਂ। ਪ੍ਰਵਾਸੀ ਮਜ਼ਦੂਰ ਰਿਆਜੁਲ ਇਸਲਾਮ ਦੀ ਖੱਬੀ ਲੱਤ ਬੁਰੀ ਤਰ੍ਹਾਂ ਟੁੱਟ ਗਈ। ਦੋਵੇਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਅਦ ’ਚ ਜਲੰਧਰ ਰੈਫਰ ਕਰ ਦਿੱਤਾ ਗਿਆ। ਲੋਕਾਂ ਮੁਤਾਬਕ ਉਸ ਸਮੇਂ ਗੱਡੀ ਦਾ ਡਰਾਈਵਰ ਦਾ ਆਪਣੇ ਮੋਬਾਈਲ ’ਤੇ ਧਿਆਨ ਸੀ। ਪੁਲਿਸ ਨੇ ਡਰਾਈਵਰ ਅਤੇ ਗੱਡੀ ਨੂੰ ਹਿਰਾਸਤ ’ਚ ਲੈ ਲਿਆ ਹੈ। ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਪਤਨੀ, ਜੋ ਕਿ ਹਸਪਤਾਲ ’ਚ ਇਲਾਜ ਅਧੀਨ ਹੈ, ਨੂੰ ਅੰਮ੍ਰਿਤਸਰ ਲੈਣ ਜਾ ਰਿਹਾ ਸੀ। ਪੁਲਿਸ ਬਿਆਨ ਲੈ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।


ਪਤਾ ਲੱਗਾ ਹੈ ਕਿ ਜਿਸ ਪਰਿਵਾਰ ’ਚ ਇਹ ਦਰਦਨਾਕ ਘਟਨਾ ਵਾਪਰੀ ਹੈ। ਉਨ੍ਹਾਂ ਦੇ ਘਰ ਦੋ-ਤਿੰਨ ਦਿਨ ਪਹਿਲਾ ਹੀ ਪੁੱਤਰ ਨੇ ਜਨਮ ਲਿਆ। ਮ੍ਰਿਤਕ ਨਨਿਆ ਘਰ ’ਚ ਸਾਰਿਆਂ ਦੀ ਚਹੇਤੀ ਸੀ ਅਤੇ ਸਾਰਿਆਂ ਨਾਲ ਲਾਡ ਕਰਦੀ ਸੀ। ਘਟਨਾ ਸਮੇਂ ਦਾਦਾ ਪਰਮਜੀਤ ਅਤੇ ਪਿਤਾ ਹੈਪੀ ਲੜਕੀ ਲਈ ਖਾਣ ਲਈ ਸਾਮਾਨ ਖ਼ਰੀਦਣ ਲਈ ਸਾਹਮਣੇ ਵਾਲੀ ਦੁਕਾਨ ’ਤੇ ਗਏ ਹੋਏ ਸਨ ਕਿ ਅਚਾਨਕ ਜ਼ੋਰਦਾਰ ਆਵਾਜ਼ ਹੋਣ ’ਤੇ ਸਾਰੇ ਘਬਰਾ ਗਏ ਅਤੇ ਲੋਕ ਜ਼ਖ਼ਮੀਆਂ ਨੂੰ ਸੰਭਾਲਣ ’ਚ ਲੱਗ ਗਏ।

error: Content is protected !!