ਕਮਾਈ ਦੇ ਨਾਲ ਵਿਵਾਦਾਂ ਦੇ ਵੀ ਰਿਕਾਰਡ ਬਣਾ ਰਹੀ ਫਿਲਮ ‘ਐਨੀਮਲ’! ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਦੋਸ਼, ਐਸਜੀਪੀਸੀ ਕੋਲ ਪੁੱਜਾ ਮਾਮਲਾ

ਕਮਾਈ ਦੇ ਨਾਲ ਵਿਵਾਦਾਂ ਦੇ ਵੀ ਰਿਕਾਰਡ ਬਣਾ ਰਹੀ ਫਿਲਮ ‘ਐਨੀਮਲ’! ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਦੋਸ਼, ਐਸਜੀਪੀਸੀ ਕੋਲ ਪੁੱਜਾ ਮਾਮਲਾ


ਵੀਓਪੀ ਬਿਊਰੋ, ਨੈਸ਼ਨਲ–ਰਣਬੀਰ ਕਪੂਰ ਤੇ ਬੌਬੀ ਦਿਓਲ ਸਟਾਰਰ ਫਿਲਮ ‘ਐਨੀਮਲ’ ਕਮਾਈ ਦੇ ਨਵੇਂ ਰਿਕਾਰਡ ਬਣਾਉਂਦੀ ਜਾ ਰਹੀ ਹੈ ਪਰ ਇਸ ਦੇ ਨਾਲ ਨਾਲ ਨਵੇਂ ਨਵੇਂ ਵਿਵਾਦ ਵੀ ਇਸ ਫਿਲਮ ਨਾਲ ਜੁੜਦੇ ਜਾ ਰਹੇ ਹਨ। ਹੁਣ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ (ਏ. ਆਈ. ਐੱਸ. ਐੱਸ. ਐੱਫ.) ਨੇ ਫ਼ਿਲਮ ‘ਐਨੀਮਲ’ਦੇ ਕੁਝ ਖ਼ਾਸ ਦ੍ਰਿਸ਼ਾਂ ਨੂੰ ਸਿੱਖ ਭਾਵਨਾਵਾਂ ਪ੍ਰਤੀ ਅਪਮਾਨਜਨਕ ਦੱਸਦਿਆਂ ਇਤਰਾਜ਼ ਪ੍ਰਗਟਾਇਆ ਹੈ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਨੂੰ ਉਨ੍ਹਾਂ ਨੂੰ ਕੱਟਣ ਦੀ ਬੇਨਤੀ ਕੀਤੀ ਹੈ।


ਏਆਈਐੱਸਐੱਸਐੱਫ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ, ਜਿਨ੍ਹਾਂ ਨੇ ਸੀਬੀਐੱਫਸੀ ਨੂੰ ਪੱਤਰ ਲਿਖਿਆ, ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ‘ਐਨੀਮਲ’ ਫ਼ਿਲਮ ’ਚ ਕਈ ਇਤਰਾਜ਼ਯੋਗ ਦ੍ਰਿਸ਼ ਹਨ। ਰਣਬੀਰ ਕਪੂਰ ਨੂੰ ਗੁਰਸਿੱਖ ਵਿਅਕਤੀ ਦੇ ਚਿਹਰੇ ’ਤੇ ਸਿਗਰੇਟ ਦਾ ਧੂੰਆਂ ਉਡਾਉਂਦੇ ਤੇ ਫ਼ਿਲਮ ਦੇ ਅਖੀਰ ’ਚ ਇਕ ਸਿੱਖ ਦੀ ਦਾੜ੍ਹੀ ’ਤੇ ਕਸਾਈ ਦਾ ਚਾਕੂ ਰੱਖਦੇ ਦਿਖਾਇਆ ਗਿਆ ਹੈ।


ਫ਼ਿਲਮ ਭਗਤ ਕਬੀਰ ਦੇ ਇਕ ਸ਼ਬਦ ਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ, ਜਦਕਿ ਇਕ ਸਤਿਕਾਰਤ ਸਿੱਖ ਇਤਿਹਾਸਕ ਜਰਨੈਲ ਦੇ ਪੁੱਤਰ ਦੇ ਨਾਮ ’ਤੇ ‘ਅਰਜਨ ਵੈਲੀ’ ਦੇ ਕਿਰਦਾਰ ਨੂੰ ਇਕ ਗੁੰਡਾ ਦਿਖਾਇਆ ਗਿਆ ਹੈ। ਇਸ ਸਬੰਧੀ ਐੱਸ. ਜੀ. ਪੀ. ਸੀ. ਨੂੰ ਸੁਚੇਤ ਕੀਤਾ ਗਿਆ ਹੈ ਤੇ ਸੀ. ਬੀ. ਐੱਫ. ਸੀ. ਨੂੰ ਸਿੱਖ ਨੁਮਾਇੰਦਿਆਂ ਨੂੰ ਲੈਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ‘ਐਨੀਮਲ’ ਇਕ ‘ਏ’ ਰੇਟਿਡ ਫ਼ਿਲਮ ਹੈ, ਜਿਸ ’ਚ ਹਿੰਸਾ ਦੇ ਨਾਲ-ਨਾਲ ਕੁਝ ਇੰਤਰਾਜ਼ਯੋਗ ਦ੍ਰਿਸ਼ ਸ਼ਾਮਲ ਹਨ। ਜਿਥੇ ਕੁਝ ਲੋਕਾਂ ਵਲੋਂ ਫ਼ਿਲਮ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ, ਉਥੇ ਕੁਝ ਲੋਕ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਫ਼ਿਲਮ ’ਚ ਔਰਤਾਂ ਦੇ ਚਿੱਤਰਣ ਨੂੰ ਲੈ ਕੇ ਇਤਰਾਜ਼ ਪ੍ਰਗਟਾ ਰਹੇ ਹਨ।

error: Content is protected !!