ਵਰਦੀ ਪਾ ਕੇ ਵਾਰਦਾਤ ਕਰਨ ਕਿਸਾਨ ਘਰ ਪਹੁੰਚ ਗਏ ਦੋ ਪੁਲਿਸ ਮੁਲਾਜ਼ਮ, ਅੱਗੋਂ ਚੱਲੇ ਤਾੜ-ਤਾੜ ਫਾਇਰ ਤਾਂ ਭੱਜ ਨਿਕਲੇ, ਗ੍ਰਿਫ਼ਤਾਰ, ਆਪਣੇ ਹੀ ਥਾਣੇ ਵਿਚੋਂ ਹਥਿਆਰ ਕੀਤੇ ਸੀ ਚੋਰੀ ! 

ਵਰਦੀ ਪਾ ਕੇ ਵਾਰਦਾਤ ਕਰਨ ਕਿਸਾਨ ਘਰ ਪਹੁੰਚ ਗਏ ਦੋ ਪੁਲਿਸ ਮੁਲਾਜ਼ਮ, ਅੱਗੋਂ ਚੱਲੇ ਤਾੜ-ਤਾੜ ਫਾਇਰ ਤਾਂ ਭੱਜ ਨਿਕਲੇ, ਗ੍ਰਿਫ਼ਤਾਰ, ਆਪਣੇ ਹੀ ਥਾਣੇ ਵਿਚੋਂ ਹਥਿਆਰ ਕੀਤੇ ਸੀ ਚੋਰੀ !


ਵੀਓਪੀ ਬਿਊਰੋ, ਬਠਿੰਡਾ : ਬਠਿੰਡਾ ਪੁਲਿਸ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿਚੋਂ ਹਥਿਆਰ ਚੋਰੀ ਕਰਨ ਦੇ ਮਾਮਲੇ ਵਿਚ ਬਰਖਾਸਤ ਕੀਤਾ ਗਿਆ ਹੈ। ਜਦਕਿ ਇਨ੍ਹਾਂ ਦੇ ਚਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਕੋਲੋਂ ਤਿੰਨ ਰਾਈਫਲਾਂ ਜੋ ਕਿ ਸਰਕਾਰੀ ਹਨ ਤੇ ਰੌਂਦ ਬਰਾਮਦ ਕੀਤੇ ਗਏ ਹਨ।


ਦਰਅਸਲ ਮਾਮਲਾ ਇਕ ਸਾਲ ਪੁਰਾਣਾ ਹੈ। ਜ਼ਿਲ੍ਹੇ ਦੇ ਪਿੰਡ ਭੁੱਚੋ ਕਲਾਂ ਨਿਵਾਸੀ ਕਿਸਾਨ ਬਿੰਦਰ ਦੇ ਘਰ ਰਾਤ ਸਮੇਂ ਲੁੱਟ ਦੇ ਇਰਾਦੇ ਨਾਲ ਪੁਲਿਸ ਵਰਦੀ ਪਹਿਨ ਕੇ ਕੁਝ ਵਿਅਕਤੀ ਹਥਿਆਰਾਂ ਸਣੇ ਦਾਖਲ ਹੋਏ ਸਨ। ਇਸ ਮਾਮਲੇ ਵਿੱਚ ਅੱਧੀ ਦਰਜਨ ਲੁਟੇਰਿਆਂ ਦੀ ਪੁਲਿਸ ਨੇ ਪਛਾਣ ਕਰ ਲਈ ਹੈ। ਇਸ ਵਾਰਦਾਤ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ, ਸਗੋਂ ਬਰਖ਼ਾਸਤ ਥਾਣਾ ਦਿਆਲਪੁਰਾ ਦਾ ਮੁਨਸ਼ੀ ਤੇ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਅਤੇ ਦੂਜਾ ਸਾਥੀ ਬਰਖ਼ਾਸਤ ਹੌਲਦਾਰ ਸਾਹਿਬ ਸਿੰਘ ਹੀ ਹੈ।
ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕਿਸਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਵੱਲੋਂ ਜਵਾਬੀ ਫਾਇਰਿੰਗ ਕਾਰਨ ਉਕਤ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਉਦੋਂ ਪੁਲਿਸ ਨੇ ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ।
ਇਸ ਮਾਮਲੇ ਨੂੰ ਟਰੇਸ ਕਰਨ ਲਈ ਪਿਛਲੇ 13 ਮਹੀਨਿਆਂ ਤੋਂ ਪੁਲਿਸ ਦੀਆਂ ਟੀਮ ਲਗਾਤਾਰ ਯਤਨ ਕਰ ਰਹੀਆਂ ਸਨ। ਪਰ ਬੀਤੇ ਦਿਨੀਂ ਥਾਣਾ ਦਿਆਲਪੁਰਾ ਦੇ ਮਾਲਖਾਨੇ ‘ਚੋਂ ਗਾਇਬ ਵਿਦੇਸ਼ੀ ਹਥਿਆਰ ਗੈਂਗਸਟਰਾਂ ਨੂੰ ਵੇਚਣ ਦੇ ਮਾਮਲੇ ਵਿੱਚ ਡਿਸਮਿਸ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਨੂੰ ਜਦੋਂ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ।
ਪੁਲਿਸ ਅਨੁਸਾਰ, ਜੋ ਹਥਿਆਰ ਬਰਾਮਦ ਕੀਤੇ ਗਏ ਹਨ, ਉਹ ਥਾਣਾ ਨਥਾਣਾ ਵਿੱਚ ਦਰਜ ਇਕ ਮਾਮਲੇ ਦੀ ਪ੍ਰਾਪਰਟੀ ਸੀ। ਕੇਸ ਵਿੱਚ ਅਦਾਲਤੀ ਕਾਰਵਾਈ ਕਾਰਨ ਥਾਣੇ ਦੇ ਮਾਲਖਾਨੇ ਵਿੱਚ ਰੱਖੀ ਗਈ ਸੀ। ਉਸ ਨੂੰ ਉਕਤ ਤਤਕਾਲੀ ਪੁਲਿਸ ਮੁਲਾਜ਼ਮਾਂ ਨੇ ਮਾਲਖਾਨੇ ‘ਚੋਂ ਗਾਇਬ ਕਰ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।


ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ ਜਾਣਕਾਰੀ
ਐਤਵਾਰ ਨੂੰ ਐੱਸਪੀ ਡੀ ਅਜੈ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਸਾਲ ਦੀ 11 ਨਵੰਬਰ 2022 ਦੀ ਰਾਤ ਕਰੀਬ 10 ਵਜੇ ਪਿੰਡ ਭੁੱਚੋ ਕਲਾਂ ਦੇ ਇਕ ਕਿਸਾਨ ਬਿੰਦਰ ਸਿੰਘ ਦੇ ਘਰ ਕੁਝ ਲੋਕ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਅਤੇ ਕਿਸਾਨ ਵੱਲੋਂ ਇਕ ਜ਼ਮੀਨ ਵੇਚਣ ਤੋਂ ਹਾਸਲ ਹੋਈ ਲੱਖਾਂ ਰੁਪਏ ਦੀ ਰਾਸ਼ੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।
ਘਰ ‘ਚ ਦਾਖਲ ਹੋਏ ਛੇ ਲੋਕਾਂ ਵਿੱਚ ਦੋ ਲੋਕ ਪੁਲਿਸ ਦੀ ਵਰਦੀ ਵਿੱਚ ਸਨ। ਘਟਨਾ ਬਾਰੇ ਕਿਸਾਨ ਨੂੰ ਜਾਣਕਾਰੀ ਮਿਲੀ, ਤਾਂ ਉਸ ਨੇ ਜਿੱਥੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ, ਉੱਥੇ, ਰੌਲ਼ਾ ਪਾ ਦਿੱਤਾ ਅਤੇ ਇਸ ਤੋਂ ਆਸ-ਪਾਸ ਦੇ ਲੋਕ ਵੀ ਇਕੱਠੇ ਹੋਣ ਲੱਗੇ, ਤਾਂ ਮੁਲਾਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ 19 ਨਵੰਬਰ 2022 ਨੂੰ ਥਾਣਾ ਕੈਂਟ ਪੁਲਿਸ ਨੇ ਅਣਪਛਾਤੇ ਲੋਕਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਸੀ।

ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ
ਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਤਹਿ ਤੱਕ ਜਾਣ ਲਈ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਈ ਅਹਿਮ ਖੁਲਾਸੇ ਹੋਏ।
ਇਨ੍ਹਾਂ ਦੋਵਾਂ ਕੋਲੋਂ ਦੋ ਏਕੇ 47 ਰਾਈਫਲਾਂ, ਦੋ ਕਾਰਤੂਸ, 315 ਬੋਰ ਦੀ ਇੱਕ ਰਾਈਫਲ ਮੋਡੀਫਾਈਡ, 315 ਬੋਰ ਦੇ ਦੋ ਕਾਰਤੂਸ, ਦੋ ਪਲਾਸਟਿਕ ਦੇ ਬੱਟ ਅਤੇ ਦੋ ਮੈਗਜ਼ੀਨ ਬਰਾਮਦ ਹੋਏ ਹਨ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿੱਥੋਂ ਉਕਤ ਵਿਅਕਤੀਆਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਰਖ਼ਾਸਤ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਥਾਣਾ ਰਾਮਪੁਰਾ ਫੂਲ, ਥਾਣਾ ਦਿਆਲਪੁਰਾ, ਥਾਣਾ ਸਿਵਲ ਲਾਈਨ ਅਤੇ ਥਾਣਾ ਸਦਰ ਫਾਜ਼ਿਲਕਾ ਵਿੱਚ ਚਾਰ ਕੇਸ ਦਰਜ ਹਨ, ਜਦੋਂ ਕਿ ਪੰਜਵਾਂ ਕੇਸ ਥਾਣਾ ਕੈਂਟ ਵਿੱਚ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਬਰਖ਼ਾਸਤ ਹੌਲਦਾਰ ਸਾਹਿਬ ਸਿੰਘ ਖ਼ਿਲਾਫ਼ ਪਹਿਲਾਂ ਹੀ ਦਿਆਲਪੁਰਾ ਥਾਣੇ ਵਿੱਚ ਕੇਸ ਦਰਜ ਹੈ। ਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਸਮੇਂ ਮੁਲਜ਼ਮ ਮੁਨਸ਼ੀ ਕਾਰ ਚਲਾ ਰਿਹਾ ਸੀ, ਜਦੋਂ ਕਿ ਹੌਲਦਾਰ ਸਾਹਿਬ ਸਿੰਘ ਅਤੇ ਹੋਰ ਵਿਅਕਤੀ ਘਰ ਵਿੱਚ ਦਾਖਲ ਹੋਏ ਸਨ।

error: Content is protected !!