ਜੇਲ੍ਹ ਵਿਚ ਬੰਦ ਯੂਥ ਕਾਂਗਰਸੀ ਆਗੂ ਵਿਆਹ ਵਿਚ ਭੰਗੜਾ ਪਾਉਂਦਾ ਦਿਸਿਆ, ਵੀਡੀਓ ਵਾਇਰਲ ਹੋਣ ਉਤੇ ਪੁਲਿਸ ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ!

ਜੇਲ੍ਹ ਵਿਚ ਬੰਦ ਯੂਥ ਕਾਂਗਰਸੀ ਆਗੂ ਵਿਆਹ ਵਿਚ ਭੰਗੜਾ ਪਾਉਂਦਾ ਦਿਸਿਆ, ਵੀਡੀਓ ਵਾਇਰਲ ਹੋਣ ਉਤੇ ਪੁਲਿਸ ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ !


ਵੀਓਪੀ ਬਿਊਰੋ, ਲੁਧਿਆਣਾ : ਕਈ ਗੰਭੀਰ ਮਾਮਲਿਆਂ ’ਚ ਜੇਲ੍ਹ ’ਚ ਬੰਦ ਯੂਥ ਕਾਂਗਰਸੀ ਨੇਤਾ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੇ ਇਕ ਵੱਡਾ ਕਾਰਨਾਮਾ ਕਰ ਦਿੱਤਾ। ਬਿਮਾਰੀ ਦਾ ਬਹਾਨਾ ਬਣਾ ਕੇ ਪੀਜੀਆਈ ਤੋਂ ਚੈਕਅਪ ਕਰਵਾਉਣ ਦੇ ਨਾਂ ਉਤੇ ਉਹ ਵਿਆਹ ਸਮਾਗਮ ਅਟੈਂਡ ਕਰਨ ਪਹੁੰਚ ਗਿਆ, ਜਿਥੇ ਉਸ ਨੇ ਭੰਗੜਾ ਵੀ ਪਾਇਆ। ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਬੇਵਕੂਫ ਬਣਾ ਦਿੱਤਾ। ਜੇਲ੍ਹ ਪ੍ਰਸ਼ਾਸਨ ਉਸ ਦੇ ਝਾਂਸੇ ’ਚ ਆ ਗਿਆ। ਉਨ੍ਹਾਂ ਨੇ ਪੀਜੀਆਈ ਤੋਂ ਚੈੱਕਅਪ ਕਰਵਾਉਣ ਲਈ ਲੱਕੀ ਸੰਧੂ ਨੂੰ ਜ਼ਿਲ੍ਹਾ ਪੁਲਿਸ ਹਵਾਲੇ ਕਰ ਦਿੱਤਾ ਪਰ ਪੁਲਿਸ ਦੇ ਨਾਲ ਮਿਲੀਭੁਗਤ ਕਰ ਕੇ ਲੱਕੀ ਸੰਧੂ ਰਾਏਕੋਟ ਦੇ ਇਕ ਵਿਆਹ ਸਮਾਗਮ ’ਚ ਪੁੱਜ ਗਿਆ, ਜਿੱਥੇ ਉਸ ਨੇ ਨਾ ਸਿਰਫ ਵਿਆਹ ਅਟੈਂਡ ਕੀਤਾ, ਸਗੋਂ ਜੰਮ ਕੇ ਭੰਗੜਾ ਵੀ ਪਾਇਆ। ਉਸ ਸਮੇਂ ਉਸ ਦਾ ਭਰਾ ਵੀ ਵਿਆਹ ’ਚ ਮੌਜੂਦ ਸੀ। ਉਨ੍ਹਾਂ ਦੋਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਮਾਮਲੇ ’ਚ ਗੁਰਵੀਰ ਸਿੰਘ ਗਰਚਾ ਨੇ ਸਾਰੇ ਸਬੂਤਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ. ਜੀ. ਪੀ. ਗੌਰਵ ਯਾਦਵ ਸਮੇਤ ਜੇਲ੍ਹ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਹਾਲਾਂਕਿ ਜਦੋਂ ਸ਼ਿਕਾਇਤਕਰਤਾ ਨੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਇਹ ਜ਼ਿੰਮੇਵਾਰੀ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੀ ਦੱਸੀ ਹੈ।
ਉੱਧਰ, ਕਮਿਸ਼ਨਰੇਟ ਪੁਲਿਸ ਕੋਲ ਵੀ ਇਸ ਦੀ ਸ਼ਿਕਾਇਤ ਪੁੱਜ ਗਈ ਹੈ।

ਫਾਰਚਿਊਨਰ ਕਾਰ ’ਚ ਰਾਏਕੋਟ ਰੋਡ ਸਥਿਤ ਪੈਲੇਸ ’ਚ ਚੱਲ ਰਹੇ ਵਿਆਹ ’ਚ ਪੁੱਜਾ
ਗੁਰਬੀਰ ਸਿੰਘ ਗਰਚਾ ਨੇ ਦੱਸਿਆ ਕਿ 8 ਦਸੰਬਰ ਨੂੰ ਲੱਕੀ ਸੰਧੂ 2 ਪੁਲਿਸ ਮੁਲਾਜ਼ਮਾਂ ਨਾਲ ਪੀ. ਜੀ. ਆਈ. ਚੰਡੀਗੜ੍ਹ ਗਿਆ ਸੀ।ਉਸ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨਾਲ ਮਿਲੀਭੁਗਤ ਕਰ ਲਈ ਤੇ ਇਸ ਤੋਂ ਬਾਅਦ ਉਹ ਸਾਹਨੇਵਾਲ ਸਥਿਤ ਆਪਣੇ ਘਰ ਪੁੱਜਾ, ਜਿੱਥੋਂ ਉਹ ਤਿਆਰ ਹੋ ਕੇ ਆਪਣੇ ਭਰਾ ਨਾਲ ਫਾਰਚਿਊਨਰ ਕਾਰ ’ਚ ਰਾਏਕੋਟ ਰੋਡ ਸਥਿਤ ਮਹਿਲ ਮੁਬਾਰਕ ਪੈਲੇਸ ’ਚ ਚੱਲ ਰਹੇ ਵਿਆਹ ’ਚ ਪੁੱਜ ਗਿਆ। ਗੁਰਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਇਕ ਵਿਅਕਤੀ ਮੁਲਜ਼ਮਾਂ ਦੇ ਪਿੱਛੇ ਲੱਗਾ ਹੋਇਆ ਸੀ, ਜਿਸ ਨੇ ਇਹ ਸਭ ਕੁੱਝ ਆਪਣੀਆਂ ਅੱਖਾਂ ਨਾਲ ਦੇਖਿਆ ਸੀ।
ਸ਼ਿਕਾਇਤਕਰਤਾ ਗੁਰਵੀਰ ਸਿੰਘ ਗਰਚਾ ਨੇ ਦੱਸਿਆ ਕਿ ਉਸ ਦੇ ਬਿਆਨਾਂ ’ਤੇ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਦੇ ਖ਼ਿਲਾਫ਼ 2 ਕੇਸ ਦਰਜ ਕਰਵਾਏ ਸਨ। ਕੁੱਝ ਦਿਨ ਪਹਿਲਾਂ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ ਕਿ ਉਹ ਬਿਮਾਰ ਹੈ। ਉਸ ਦਾ ਇਲਾਜ ਅਤੇ ਚੈੱਕਅਪ ਪੀ. ਜੀ. ਆਈ. ਚੰਡੀਗੜ੍ਹ ਤੋਂ ਕਰਵਾਇਆ ਜਾਵੇ, ਜਿਸ ਦੀ ਉਸ ਨੂੰ ਇਜਾਜ਼ਤ ਮਿਲ ਗਈ ਸੀ। ਫਿਰ 8 ਦਸੰਬਰ ਨੂੰ ਉਸ ਨੂੰ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੇ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਜੋ ਉਹ ਉਸ ਨੂੰ ਪੀ. ਜੀ. ਆਈ. ਲਿਜਾ ਸਕਣ।

error: Content is protected !!