ਜੇਲ੍ਹ ਵਿਚ ਬੰਦ ਯੂਥ ਕਾਂਗਰਸੀ ਆਗੂ ਨੂੰ ਹਸਪਤਾਲ ਲਿਜਾਣ ਦੇ ਬਹਾਨੇ ਵਿਆਹ ਸਮਾਗਮ ਵਿਚ ਲੈ ਗਏ ਪੁਲਿਸ ਮੁਲਾਜ਼ਮ, ਪੁਲਿਸ ਕਮਿਸ਼ਨਰ ਨੇ ਕੀਤੀ ਵੱਡੀ ਕਾਰਵਾਈ

ਜੇਲ੍ਹ ਵਿਚ ਬੰਦ ਯੂਥ ਕਾਂਗਰਸੀ ਆਗੂ ਨੂੰ ਹਸਪਤਾਲ ਲਿਜਾਣ ਦੇ ਬਹਾਨੇ ਵਿਆਹ ਸਮਾਗਮ ਵਿਚ ਲੈ ਗਏ ਪੁਲਿਸ ਮੁਲਾਜ਼ਮ, ਪੁਲਿਸ ਕਮਿਸ਼ਨਰ ਨੇ ਕੀਤੀ ਵੱਡੀ ਕਾਰਵਾਈ


ਲੁਧਿਆਣਾ (ਵੀਓਪੀ ਬਿਊਰੋ)-ਜੇਲ੍ਹ ’ਚ ਬੰਦ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਪੀਜੀਆਈ ਹਸਪਤਾਲ ਵਿਚ ਚੈਕਅਪ ਕਰਵਾਉਣ ਲਿਜਾਣ ਦੇ ਬਹਾਨੇ ਵਿਆਹ ’ਚ ਲਿਜਾਣ ਵਾਲੇ ਪੁਲਿਸ ਮੁਲਾਜ਼ਮਾਂ ਉਤੇ ਪੁਲਿਸ ਕਮਿਸ਼ਨਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਲੱਕੀ ਸੰਧੂ ਨੂੰ ਵਿਆਹ ’ਚ ਲਿਜਾਣ ਵਾਲੇ ਦੋਵੇਂ ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਮੰਗਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਡਾਕਟਰਾਂ ਅਤੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਰਅਸਲ ਵਿਆਹ ਸਮਾਰੋਹ ’ਚ ਲੱਕੀ ਸੰਧੂ ਦੀ ਵੀਡੀਓ ਬਣ ਗਈ ਸੀ, ਜੋ ਕਿ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਅਤੇ ਡੀਜੀਪੀ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਸੀ। ਉਸ ਸ਼ਿਕਾਇਤ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਾਪਰਵਾਹੀ ਵਰਤਣ ਵਾਲੇ ਦੋਵੇਂ ਏਐੱਸਆਈ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਸਤੰਬਰ, 2023 ਨੂੰ ਥਾਣਾ ਸਾਹਨੇਵਾਲ ’ਚ ਲੱਕੀ ਸੰਧੂ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਉਸ ਕੇਸ ’ਚ ਉਸ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਜਿਸ ’ਚ ਉਸ ਨੇ ਇਕ ਵਿਅਕਤੀ ਨੂੰ ਗੰਨ ਪੁਆਇੰਟ ’ਤੇ ਅਗਵਾ ਕਰ ਕੇ ਉਸ ਨਾਲ ਕੁੱਟਮਾਰ ਕਰ ਕੇ ਲੁੱਟ ਕੀਤੀ ਸੀ। ਉਕਤ ਕੇਸ ’ਚ ਲੱਕੀ ਸੰਧੂ ਜੇਲ੍ਹ ’ਚ ਬੰਦ ਸੀ। ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ ਕਿ ਉਹ ਬਿਮਾਰ ਹੈ, ਉਸ ਦਾ ਇਲਾਜ ਅਤੇ ਚੈੱਕਅਪ ਪੀ. ਜੀ. ਆਈ. ਚੰਡੀਗੜ੍ਹ ਤੋਂ ਕਰਵਾਇਆ ਜਾਵੇ, ਜਿਸ ਦੀ ਉਸ ਨੂੰ ਮਨਜ਼ੂਰੀ ਮਿਲ ਗਈ ਸੀ।
ਫਿਰ 8 ਦਸੰਬਰ ਨੂੰ ਉਸ ਨੂੰ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੇ 2 ਏ. ਐੱਸ. ਆਈ. ਮੰਗਲ ਸਿੰਘ ਅਤੇ ਕੁਲਦੀਪ ਸਿੰਘ ਉਸ ਨੂੰ ਪੀ. ਜੀ. ਆਈ. ਲੈ ਕੇ ਗਏ ਸਨ। ਪੀ. ਜੀ. ਆਈ. ਤੋਂ ਬਾਅਦ ਮਿਲੀ-ਭੁਗਤ ਕਰ ਕੇ ਉਸ ਨੂੰ ਰਾਏਕੋਟ ਰੋਡ ਸਥਿਤ ਇਕ ਪੈਲੇਸ ’ਚ ਚੱਲ ਰਹੇ ਵਿਆਹ ਸਮਾਰੋਹ ’ਚ ਲੈ ਗਏ ਸਨ, ਜਿਸ ਵਿਚ ਲੱਕੀ ਸੰਧੂ ਨੇ ਭੰਗੜਾ ਵੀ ਪਾਇਆ ਸੀ। ਵਿਆਹ ’ਚ ਮੌਜੂਦ ਪੰਜਾਬੀ ਗਾਇਕ ਨੇ ਵੀ ਲੱਕੀ ਅਤੇ ਉਸ ਦੇ ਭਰਾ ਨੂੰ ਨਾਂ ਲੈ ਕੇ ਬੁਲਾਇਆ ਸੀ। ਇਸ ਤੋਂ ਬਾਅਦ ਉਹ ਦੇਰ ਰਾਤ ਜੇਲ੍ਹ ਪੁੱਜ ਗਿਆ। ਪੁਲਿਸ ਕਮਿਸ਼ਨਰ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਖਿ਼ਲਾਫ਼ ਵੱਡੀ ਕਾਰਵਾਈ ਕੀਤੀ ਹੈ।

error: Content is protected !!