ਜੇਲ੍ਹ ਚੋਂ ਬਾਹਰ ਆਉਣ ਉਤੇ ਖਹਿਰਾ ਨੇ ਕੀਤੀ ਬਾਦਲ ਸਰਕਾਰ ਦੀ ਤਾਰੀਫ, ਆਮ ਆਦਮੀ ਪਾਰਟੀ ਉਤੇ ਕੱਸੇ ਤੰਜ, ਖੋਲ੍ਹੇ ਅੰਦਰਲੇ ਭੇਤ

ਜੇਲ੍ਹ ਚੋਂ ਬਾਹਰ ਆਉਣ ਉਤੇ ਖਹਿਰਾ ਨੇ ਕੀਤੀ ਬਾਦਲ ਸਰਕਾਰ ਦੀ ਤਾਰੀਫ, ਆਮ ਆਦਮੀ ਪਾਰਟੀ ਉਤੇ ਕੱਸੇ ਤੰਜ, ਖੋਲ੍ਹੇ ਅੰਦਰਲੇ ਭੇਤ


ਵੀਓਪੀ ਬਿਊਰੋ, ਚੰਡੀਗੜ੍ਹ : ਨਾਰਕੋਟਿਕਸ ਅਤੇ ਗਵਾਹਾਂ ਨੂੰ ਧਮਕਾਉਣ ਦੇ ਦੋ ਕੇਸਾਂ ਵਿਚ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਏ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸ਼ਬਦੀ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਉਹ ਬਾਦਲ ਪਰਿਵਾਰ ਤੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਸਖ਼ਤ ਟਿੱਪਣੀਆਂ ਕਰਦੇ ਰਹੇ ਹਨ, ਪਰ ਬਾਦਲ ਨੇ 2015 ਵਿਚ ਪੁਲਿਸ ਵੱਲੋਂ ਦਰਜ ਕੀਤੇ ਝੂਠੇ ਨਾਰਕੋਟਿਕਸ ਮਾਮਲੇ ਵਿਚ ਉਸ ਨੂੰ (ਖਹਿਰਾ) ਜੇਲ੍ਹ ਭੇਜਣ ਤੋਂ ਸਪੱਸ਼ਟ ਮਨ੍ਹਾ ਕਰ ਦਿੱਤਾ ਸੀ। ਜਦਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸਰਕਾਰ ਨੇ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਉਹ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਅੱਜ ਆਪਣੀ ਰਿਹਾਇਸ਼ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ, ਸਾਬਕਾ ਵਿਧਾਇਕ ਗੁਰਪ੍ਰੀਤ ਜੀ.ਪੀ. ਨਾਲ ਪੱਤਰਕਾਰਾਂ ਦੇ ਰੂਬਰੂ ਹੋਏ ਸਨ।


ਖਹਿਰਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਉਨ੍ਹਾਂ ਖਿਲਾਫ਼ ਵਾਰੰਟ ਨੂੰ ਰੱਦ ਕਰ ਦਿੱਤਾ ਸੀ, ਇਸ ਦੇ ਬਾਵਜੂਦ ਮੂੰਹ ਬੰਦ ਕਰਨ ਲਈ ਜੇਲ੍ਹ ਭੇਜਿਆ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਬਦਲਾਅ ਤੇ ਕਾਨੂੰਨ ਦਾ ਰਾਜ ਦੇਣ ਲਈ ਸੱਤਾ ਵਿਚ ਆਈ ਸਰਕਾਰ ਬਾਦਲ ਅਤੇ ਕੈਪਟਨ ਤੋਂ ਵੀ ਅੱਗੇ ਨਿਕਲ ਗਈ। ਉਨ੍ਹਾਂ ਅੱਜ ਭੇਤ ਦੀ ਗੱਲ ਦੱਸਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੇ ਅਫਸਰਾਂ ਨੂੰ ਉਸ ਖਿਲਾਫ਼ ਡਰੱਗ ਦੇ ਝੂਠ ਕੇਸ ’ਚ ਜੇਲ੍ਹ ਭੇਜਣ ਤੋਂ ਮਨ੍ਹਾ ਕਰ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਅਜਿਹੇ ਬਿਆਨ ਦਿੱਤੇ ਜਿਵੇਂ ਉਨ੍ਹਾਂ ਨੇ ਕੋਈ ਵੱਡਾ ਅਪਰਾਧੀ ਫੜਿਆ ਹੋਵੇ। ਕੇਜਰੀਵਾਲ ਸਮੇਤ ਆਪ ਆਗੂ ਈਡੀ ਤੇ ਹੋਰ ਏਜੰਸੀਆਂ ’ਤੇ ਵਿਰੋਧੀਆਂ ਨੂੰ ਝੂਠੇ ਕੇਸ ਦਰਜ ਕਰਨ ਦੀ ਵਕਾਲਤ ਕਰਦੇ ਹਨ, ਉਹ ਵੀ ਇਸ ਨਾਲ ਸਹਿਮਤ ਹਨ, ਪਰ ਪੰਜਾਬ ਸਰਕਾਰ ਵੀ ਵਿਜੀਲੈਂਸ ਨੂੰ ਸਿਆਸੀ ਵਿਰੋਧੀਆਂ ਲਈ ਵਰਤ ਰਹੀ ਹੈ। ਉਹ ਜ਼ਮਾਨਤ ’ਤੇ ਆ ਗਏ ਹਨ, ਜਦਕਿ ਦਿੱਲੀ ਸਰਕਾਰ ਦੇ ਮੰਤਰੀ ਮਨੀਸ਼ ਸਿਸੋਦੀਆ ਅਤੇ ਜੈਨ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲ ਸਕੀ। ਪੁਲਿਸ ਰਿਮਾਂਡ ਦੌਰਾਨ ਪੁਲਿਸ ਅਫ਼ਸਰਾਂ ਨੇ ਕੋਈ ਸਿੱਧੀ ਪੁੱਛਗਿੱਛ ਕਰਨ ਦੀ ਬਜਾਏ ਇਹੀ ਕਿਹਾ ਕਿ ਤੁਸੀਂ ਮੁੱਖ ਮੰਤਰੀ ਖ਼ਿਲਾਫ਼ ਨਾ ਬੋਲੋ। ਖਹਿਰਾ ਨੇ ਕਿਹਾ ਕਿ ਉਹ ਲੋਕ ਹਿੱਤ ਦੇ ਮੁੱਦਿਆਂ ਅਤੇ ਪੰਜਾਬੀਆਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।

error: Content is protected !!