ਨਹੀਂ ਰਹੇ ‘ਮੌਸਮ’ ਫ਼ਿਲਮ ਵਿਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਉਣ ਵਾਲੇ ਸੁਰਜੀਤ ਸਿੰਘ ਧਾਮੀ, ਕੁਝ ਦਿਨਾਂ ਤੋਂ ਸਨ ਬਿਮਾਰ

ਨਹੀਂ ਰਹੇ ‘ਮੌਸਮ’ ਫ਼ਿਲਮ ਵਿਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਉਣ ਵਾਲੇ ਸੁਰਜੀਤ ਸਿੰਘ ਧਾਮੀ, ਕੁਝ ਦਿਨਾਂ ਤੋਂ ਸਨ ਬਿਮਾਰ


ਵੀਓਪੀ ਬਿਊਰੋ, ਪੱਟੀ : ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਦੀ ਸ਼ਾਨ ਸੁਰਜੀਤ ਸਿੰਘ ਧਾਮੀ ਦਾ ਅੱਜ ਦੇਹਾਂਤ ਹੋ ਗਿਆ। ਪੰਜਾਬੀ ਰੰਗ ਮੰਚ ਦਾ ਹਿੱਸਾ ਰਹੇ, ਟੀਵੀ ਤੇ ਫਿਲਮਾਂ ਰਾਹੀਂ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਪ੍ਰਸਿੱਧ ਹਿੰਦੀ ਫਿਲਮ ‘ਮੌਸਮ’ ’ਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਈ ਸੀ। ਸੁਰਜੀਤ ਧਾਮੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।


ਅਧਿਆਪਕ ਕਿੱਤੇ ਨਾਲ ਜੁੜੇ ਸੁਰਜੀਤ ਧਾਮੀ ਨੇ ਪੰਜਾਬੀ ਤੇ ਹਿੰਦੀ ਫ਼ਿਲਮਾਂ ਅਤੇ ਡਰਾਮਿਆਂ ’ਚ ਕੰਮ ਕੀਤਾ। ਉਨ੍ਹਾਂ ਨੇ 1976 ਤੋਂ ਡਰਾਮਾ ਟੀਮ ‘ਪੰਚ ਰੰਗ ਮੰਚ’ ਰਾਹੀਂ ਆਪਣੇ ਪਹਿਲੇ ਨਾਟਕ ‘ਫ਼ੈਸਲਾ’ ਵਿਚ ਨੌਕਰ ਮਾਧੋ ਬਾਬਾ ਦੇ ਕਿਰਦਾਰ ਨਾਲ ਪਛਾਣ ਬਣਾਈ। ਫ਼ਿਰ ਕਈ ਹਿੰਦੀ ਤੇ ਪੰਜਾਬੀ ਨਾਟਕ ਸਟੇਜਾਂ ’ਤੇ ਖੇਡ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। 1982 ਵਿਚ ਦੂਰਦਰਸ਼ਨ ਜਲੰਧਰ ਦੇ ਟੀਵੀ ਨਾਟਕ ‘ਚਿੱਟਾ ਲਹੂ’ ਨਾਲ ਅਗਾਜ਼ ਕਰਦਿਆਂ ਸਾਲ 2007 ਤਕ ਬਹੁਤ ਸਾਰੇ ਨਾਟਕਾਂ, ਸੀਰੀਅਲਾਂ ਵਿਚ ਬਤੌਰ ਅਦਾਕਾਰ ਨਾਮਣਾ ਖੱਟਿਆ। 2008 ਵਿਚ ਉਨ੍ਹਾਂ ਦਾ ਫ਼ਿਲਮੀ ਸਫ਼ਰ ਸ਼ੁਰੂ ਹੋਇਆ। ਪਹਿਲੀ ਪੰਜਾਬੀ ਫ਼ਿਲਮ ਅੱਖੀਆਂ ਉਡੀਕਦੀਆਂ ਵਿਚ ਛੋਟਾ ਜਿਹਾ ਕਿਰਦਾਰ ਨਿਭਾਇਆ। 2010 ਵਿਚ ਪੰਕਜ ਕਪੂਰ ਦੀ ਹਿੰਦੀ ਫ਼ਿਲਮ ‘ਮੌਸਮ’ ਮਿਲੀ ਜਿਸ ਵਿਚ ਉਨ੍ਹਾਂ ਨੇ ‘ਦਾਰ ਜੀ’ ਦੀ ਦਮਦਾਰ ਭੂਮਿਕਾ ਹੀ ਨਹੀਂ ਨਭਾਈ, ਬਲਕਿ ਉਨ੍ਹਾਂ ਦਾ ਫਿਲਮ ਵਿਚ ਕਿਰਦਾਰ ਵੀ ਕਾਫੀ ਲੰਮਾ ਸੀ। ‘ਵਿਆਹ 70 ਕਿਲੋਮੀਟੀਰ’ ‘ਆਰਐੱਸਵੀਪੀ ਰੌਂਦੇ ਸਾਰੇ ਵਿਆਹ ਪਿੱਛੋਂ’, ‘ਅੰਬਰਸਰੀਆ’ ਅਤੇ ਹਰਭਜਨ ਮਾਨ ਦੀ ਪੰਜਾਬੀ ਫ਼ਿਲਮ ‘ਸਾਡੇ ਸੀਐੱਮ ਸਾਹਿਬ’ ਵਿਚ ਮੁੱਖ ਮੰਤਰੀ ਗੁਰਪਿਆਰ ਸਿੰਘ ਦਾ ਕਿਰਦਾਰ ਨਿਭਾ ਕੇ ਵਾਹ ਵਾਹੀ ਲੁੱਟੀ। ਧਾਮੀ ਨੇ ਅਨੇਕਾਂ ਟੈਲੀ ਫ਼ਿਲਮਾਂ ਅਤੇ ਵੱਡੇ ਵੱਡੇ ਗਾਇਕਾਂ ਨਾਲ ਕਈ ਐਲਬਮਾਂ ਵਿਚ ਵੀ ਕਿਰਦਾਰ ਅਦਾ ਕੀਤੇ।

error: Content is protected !!