ਲੇਡੀ ਸਿੰਘਮ ਡਿਪਟੀ ਐਸਪੀ ਨਾਲ ਹੀ ਠੱਗੀ, ਮੈਟਰੀਮੋਨੀਅਲ ਸਾਈਟ ਉਤੇ ਵਿਅਕਤੀ ਨੇ ਖੁਦ ਨੂੰ ਆਈਆਰਐਸ ਅਧਿਕਾਰੀ ਦੱਸ ਕਰਵਾਇਆ ਵਿਆਹ, ਤਲਾਕ ਮਗਰੋਂ ਪਤਨੀ ਦੇ ਨਾਂ ਉਤੇ ਮਾਰਨ ਲੱਗਾ ਠੱਗੀਆਂ

ਲੇਡੀ ਸਿੰਘਮ ਡਿਪਟੀ ਐਸਪੀ ਨਾਲ ਹੀ ਠੱਗੀ, ਮੈਟਰੀਮੋਨੀਅਲ ਸਾਈਟ ਉਤੇ ਵਿਅਕਤੀ ਨੇ ਖੁਦ ਨੂੰ ਆਈਆਰਐਸ ਅਧਿਕਾਰੀ ਦੱਸ ਕਰਵਾਇਆ ਵਿਆਹ, ਤਲਾਕ ਮਗਰੋਂ ਪਤਨੀ ਦੇ ਨਾਂ ਉਤੇ ਮਾਰਨ ਲੱਗਾ ਠੱਗੀਆਂ


ਵੀਓਪੀ ਬਿਊਰੋ, ਨੈਸ਼ਨਲ- ‘ਲੇਡੀ ਸਿੰਘਮ’ ਡਿਪਟੀ ਐਸ.ਪੀ. ਸ਼੍ਰੇਸ਼ਠਾ ਠਾਕੁਰ ਮੈਟਰੀਮੋਨੀਅਲ ਸਾਈਟ ਰਾਹੀਂ ਵਿਆਹ ਕਰਵਾ ਕੇ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। 2008 ਬੈਚ ਦੀ ਪੀਪੀਐਸ ਅਧਿਕਾਰੀ ਸ਼੍ਰੇਸ਼ਠਾ ਠਾਕੁਰ ਨੇ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿਚ ਆਪਣੇ ਪਤੀ ਰੋਹਿਤ ਰਾਜ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼੍ਰੇਸ਼ਠ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਰੋਹਿਤ ਰਾਜ ਨੇ ਆਪਣੇ ਆਪ ਨੂੰ ਆਈ.ਆਰ.ਐਸ. ਅਧਿਕਾਰੀ ਦਸਿਆ ਸੀ। ਡਿਪਟੀ ਐਸਪੀ ਠਾਕੁਰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਤਾਇਨਾਤ ਹੈ। ਮੁਲਜ਼ਮ ਨੇ ਰਾਂਚੀ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣੀ ਤਾਇਨਾਤੀ ਹੋਣ ਦਾ ਦਾਅਵਾ ਵੀ ਕੀਤਾ ਸੀ। 2018 ਵਿਚ ਉਸ ਦਾ ਰੋਹਿਤ ਰਾਜ ਨਾਲ ਵਿਆਹ ਹੋਇਆ ਅਤੇ ਵਿਆਹ ਤੋਂ ਬਾਅਦ ਜਦੋਂ ਉਸ ਨੂੰ ਪਤੀ ਬਾਰੇ ਸੱਚਾਈ ਦਾ ਪਤਾ ਲੱਗੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋ ਸਾਲ ਬਾਅਦ ਉਸ ਨੇ ਰੋਹਿਤ ਰਾਜ ਤੋਂ ਤਲਾਕ ਲੈ ਲਿਆ ਪਰ ਰੋਹਿਤ ਨੇ ਸ੍ਰੇਸ਼ਠਾ ਠਾਕੁਰ ਦੇ ਨਾਂਅ ‘ਤੇ ਲੋਕਾਂ ਨਾਲ ਠੱਗੀ ਕਰਨ ਲੱਗਿਆ। ਫਿਲਹਾਲ ਉਹ ਗਾਜ਼ੀਆਬਾਦ ‘ਚ ਰਹਿ ਰਿਹਾ ਹੈ।


ਇਸ ਧੋਖਾਧੜੀ ਸਬੰਧੀ ਸ਼੍ਰੇਸ਼ਠਾ ਠਾਕੁਰ ਕੋਲ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਸ਼੍ਰੇਸ਼ਠਾ ਨੇ ਅਪਣੇ ਸਾਬਕਾ ਪਤੀ ਵਿਰੁੱਧ ਕੇਸ ਦਰਜ ਕਰਵਾਇਆ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸ੍ਰੇਸ਼ਠਾ ਠਾਕੁਰ ਨਾਲ ਵੀ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਵਿਆਹ ਤੋਂ ਪਹਿਲਾਂ ਸ਼੍ਰੇਸ਼ਠਾ ਦੇ ਪਰਵਾਰ ਵਾਲਿਆਂ ਨੇ ਰੋਹਿਤ ਰਾਜ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਸ ਸਮੇਂ ਇਸੇ ਨਾਂਅ ਦਾ ਇਕ ਆਈ.ਆਰ.ਐਸ. ਅਧਿਕਾਰੀ ਰਾਂਚੀ ਵਿਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸੀ।
ਸ਼੍ਰੇਸ਼ਠਾ ਠਾਕੁਰ ਨੇ ਅਪਣੇ ਸਾਬਕਾ ਪਤੀ ਰੋਹਿਤ ਰਾਜ ਸਿੰਘ, ਸਹੁਰਾ ਵਕੀਲ ਸ਼ਰਨ ਸਿੰਘ ਅਤੇ ਰੋਹਿਤ ਦੇ ਭਰਾ ਸੰਜੀਤ ਸਿੰਘ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਐਫਆਈਆਰ ਵਿਚ ਦਸਿਆ ਗਿਆ ਹੈ ਕਿ ਵਿਆਹ ਤੋਂ ਤੁਰੰਤ ਬਾਅਦ ਸ਼੍ਰੇਸ਼ਠਾ ਨੂੰ ਧੋਖੇ ਦਾ ਪਤਾ ਲੱਗਿਆ ਪਰ ਰਿਸ਼ਤਾ ਬਚਾਉਣ ਲਈ ਉਹ ਚੁੱਪ ਰਹੀ। ਲਖਨਊ ‘ਚ ਪਲਾਟ ਖਰੀਦਣ ਲਈ ਰੋਹਤ ਨੇ ਧੋਖੇ ਨਾਲ ਉਸ ਦੇ ਬੈਂਕ ਖਾਤੇ ‘ਚੋਂ 15 ਲੱਖ ਰੁਪਏ ਕਢਵਾ ਲਏ, ਇਸ ਤੋਂ ਬਾਅਦ ਉਸ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਵੀ ਰੋਹਤ ਨੇ ਸ਼੍ਰੇਸ਼ਠਾ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰੀ। ਰੋਹਿਤ ਮੂਲ ਰੂਪ ਤੋਂ ਬਿਹਾਰ ਦੇ ਨਵਾਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।


ਕੌਣ ਹੈ ਸ਼ੇਸ਼ਠਾ ਠਾਕੁਰ
ਕਾਨਪੁਰ ਦੀ ਰਹਿਣ ਵਾਲੀ ਸ਼੍ਰੇਸ਼ਠਾ ਠਾਕੁਰ ਨੂੰ ਉੱਤਰ ਪ੍ਰਦੇਸ਼ ਦੀ ‘ਲੇਡੀ ਸਿੰਘਮ’ ਵੀ ਕਿਹਾ ਜਾਂਦਾ ਹੈ। ਉਹ ਸਾਲ 2012 ਵਿਚ ਯੂਪੀ ਪੀਸੀਐਸ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਡੀ.ਐਸ.ਪੀ. ਬਣੀ ਸੀ। 2017 ਵਿਚ, ਸ੍ਰੇਸ਼ਠਾ ਠਾਕੁਰ ਉਸ ਸਮੇਂ ਚਰਚਾ ਵਿਚ ਆਈ ਜਦੋਂ ਉਹ ਬੁਲੰਦਸ਼ਹਿਰ ਵਿਚ ਡੀ.ਐਸ.ਪੀ. ਵਜੋਂ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਨੇ ਟ੍ਰੈਫਿਕ ਨਿਯਮ ਤੋੜਨ ਦੇ ਦੋਸ਼ ‘ਚ ਭਾਜਪਾ ਦੇ ਜ਼ਿਲ੍ਹਾ ਪੰਚਾਇਤ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ। ਚਲਾਨ ਜਾਰੀ ਹੋਣ ਤੋਂ ਨਾਰਾਜ਼ ਪ੍ਰਮੋਦ ਲੋਧੀ ਦੀ ਪੁਲਿਸ ਨਾਲ ਤਕਰਾਰ ਹੋ ਗਈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਕੁੱਝ ਵਰਕਰਾਂ ਨੇ ਡੀ.ਐਸ.ਪੀ. ਸ਼੍ਰੇਸ਼ਠ ਠਾਕੁਰ ਨਾਲ ਬਦਸਲੂਕੀ ਕੀਤੀ ਸੀ। ਭਾਜਪਾ ਵਰਕਰਾਂ ਅਤੇ ਸ੍ਰੇਸ਼ਠ ਠਾਕੁਰ ਵਿਚਾਲੇ ਜ਼ਬਰਦਸਤ ਬਹਿਸ ਹੋਈ ਸੀ।

error: Content is protected !!